ਨਗਰ ਕੌਂਸਲ ਦੇ ਸਫ਼ਾਈ ਕਾਰਜਾਂ ਨਾਲ ਸੰਬੰਧਿਤ ਟਰੈਕਟਰ ਦੀ ਲਪੇਟ ’ ਚ ਆਉਣ ਨਾਲ ਰੈਪੀਡੋ ਚਾਲਕ ਦੀ ਮੌਤ
ਡੇਰਾਬੱਸੀ, 22 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਮੁਬਾਰਿਕਪੁਰ-ਰਾਮਗੜ੍ਹ ਸੜਕ ‘ਤੇ ਕੂੜਾ ਚੁੱਕਣ ਦੇ ਕੰਮ ‘ਚ ਲੱਗੇ ਇਕ ਟਰੈਕਟਰ ਦੀ ਲਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਰੈਪੀਡੋ ਚਾਲਕ ਦੀ ਦਰਦਨਾਕ ਮੌਤ ਹੋ ਗਈ। ਉਕਤ ਟਰੈਕਟਰ ਨਗਰ ਕੌਂਸਲ ਡੇਰਾਬੱਸੀ ਦੇ ਸਫ਼ਾਈ ਕਾਰਜਾਂ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।
ਡੇਰਾਬੱਸੀ, 22 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਮੁਬਾਰਿਕਪੁਰ-ਰਾਮਗੜ੍ਹ ਸੜਕ ‘ਤੇ ਕੂੜਾ ਚੁੱਕਣ ਦੇ ਕੰਮ ‘ਚ ਲੱਗੇ ਇਕ ਟਰੈਕਟਰ ਦੀ ਲਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਰੈਪੀਡੋ ਚਾਲਕ ਦੀ ਦਰਦਨਾਕ ਮੌਤ ਹੋ ਗਈ। ਉਕਤ ਟਰੈਕਟਰ ਨਗਰ ਕੌਂਸਲ ਡੇਰਾਬੱਸੀ ਦੇ ਸਫ਼ਾਈ ਕਾਰਜਾਂ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਮਾਲਕੀ ਸੰਬੰਧਿਤ ਠੇਕੇਦਾਰ ਦੇ ਨਾਂਅ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਵਿਜੇ ਪੁੱਤਰ ਸਵ. ਰਾਮ ਧੀਰਜ ਵਾਸੀ ਬੁੜੈਲ ਸੈਕਟਰ-45 ਚੰਡੀਗੜ੍ਹ ਵਜੋਂ ਹੋਈ ਹੈ, ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਦੀ ਮਾਤਾ ਰਾਮ ਦੁਲਾਰੀ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਜੇ ਰੈਪੀਡੋ ਮੋਟਰਸਾਈਕਲ ਚਲਾ ਕੇ ਘਰ ਦੀ ਰੋਜ਼ੀ-ਰੋਟੀ ਚਲਾਉਂਦਾ ਸੀ। ਬੀਤੇ ਦਿਨੀਂ ਸਵੇਰੇ ਕਰੀਬ 9 ਵਜੇ ਉਹ ਕੰਮ ਲਈ ਘਰੋਂ ਨਿਕਲਿਆ ਸੀ ਅਤੇ ਦੁਪਹਿਰ ਕਰੀਬ 12.30 ਵਜੇ ਉਸ ਦੇ ਜਵਾਈ ਦਿਨੇਸ਼ ਰਾਮ ਨੇ ਫ਼ੋਨ ਕਰਕੇ ਵਿਜੇ ਦੇ ਸੜਕ ਹਾਦਸੇ ‘ਚ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਵਿਜੇ ਦੀ ਮੌਤ ਹੋਣ ਬਾਰੇ ਪਤਾ ਚੱਲਿਆ। ਹਾਸਿਲ ਜਾਣਕਾਰੀ ਅਨੁਸਾਰ ਵਿਜੇ ਮੁਬਾਰਿਕਪੁਰ ਤੋਂ ਰਾਮਗੜ੍ਹ ਵੱਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਸੂਰਿਆ ਪੈਲੇਸ ਤੋਂ ਥੋੜ੍ਹਾ ਅੱਗੇ ਸੜਕ ਨੇੜੇ ਲੱਗੇ ਕੂੜੇ ਦੇ ਢੇਰ ਕੋਲ ਉਹ ਕੂੜਾ ਚੁੱਕਣ ਵਾਲੇ ਟਰੈਕਟਰ ਦੀ ਲਪੇਟ ‘ਚ ਆ ਗਿਆ। ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਵਿਜੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਸਿਲ ਜਾਣਕਾਰੀ ਅਨੁਸਾਰ ਕਰੀਬ 10 ਸਾਲ ਪਹਿਲਾਂ ਵਿਜੇ ਦੇ ਪਿਤਾ ਦੀ ਮੌਤ ਹੋ ਗਈ ਸੀ। ਵਿਜੇ ਵਿਆਹਿਆ ਹੋਇਆ ਸੀ। ਇਸ ਘਟਨਾ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।