ਐੱਸ. ਏ. ਐੱਸ. ਨਗਰ, 11 ਨਵੰਬਰ (ਕਪਿਲ ਵਧਵਾ)-ਲੁਧਿਆਣਾ ਦੀ ਸਾਈਕਲ ਪਾਰਟਸ ਬਣਾਉਣ ਵਾਲੀ ਕੰਪਨੀ ਰੋਲੈਕਸ ਸਾਈਕਲਜ਼ ਪ੍ਰਾ. ਲਿ. ਵਲੋਂ ਕੈਨੇਰਾ ਬੈਂਕ ਨਾਲ 12.33 ਕਰੋੜ ਰੁ. ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ ‘ਚ ਪੰਜਾਬ ਸਟੇਟ ਕ੍ਰਾਈਮ ਪੁਲਿਸ ਨੇ ਕੰਪਨੀ ਦੀ ਡਾਇਰੈਕਟਰ ਅਤੇ ਗਾਰੰਟਰ ਕੰਜਨ ਪ੍ਰਭਾਕਰ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ‘ਤੇ ਬੈਂਕ ਦੀ ਮਨਜ਼ੂਰੀ ਤੋਂ ਬਿਨਾਂ ਗਿਰਵੀ ਰੱਖਿਆ ਸਟਾਕ ਅਤੇ ਮਸ਼ੀਨਰੀ ਵੇਚਣ, ਗ਼ਲਤ ਵਿੱਤੀ ਦਸਤਾਵੇਜ਼ ਪੇਸ਼ ਕਰਨ ਅਤੇ ਫ਼ੰਡ ਹੋਰਨਾਂ ਥਾਵਾਂ ‘ਤੇ ਤਬਦੀਲ ਕਰਨ ਦੇ ਦੋਸ਼ ਲੱਗੇ ਹਨ। ਫ਼ਿਲਹਾਲ ਪੁਲਿਸ ਨੇ ਆਈ. ਪੀ. ਸੀ. ਦੀਆਂ ਧਾਰਾਵਾਂ 406 ਅਤੇ 420 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਸਤੰਬਰ 2013 ਵਿਚ ਕੈਨੇਰਾ ਬੈਂਕ ਨੇ ਕੰਪਨੀ ਦੀ 22.75 ਕਰੋੜ ਰੁ. ਦੀ ਕਰਜ਼ਾ ਸੀਮਾ ਮਨਜ਼ੂਰ ਕੀਤੀ ਸੀ, ਜਿਸ ਨੂੰ ਬਾਅਦ ‘ਚ ਵਧਾ ਕੇ 24 ਕਰੋੜ ਰੁ. ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬੈਂਕ ਆਫ਼ ਮਹਾਰਾਸ਼ਟਰ ਨੇ ਵੀ 5 ਕਰੋੜ ਰੁ. ਦੀ ਵਰਕਿੰਗ ਕੈਪੀਟਲ ਸੀਮਾ ਕੰਪਨੀ ਨੂੰ ਦਿੱਤੀ ਸੀ। ਇਸ ਤਰ੍ਹਾਂ ਦੋਵਾਂ ਬੈਂਕਾਂ ਵਲੋਂ ਕੁੱਲ 29 ਕਰੋੜ ਰੁ. ਦੀਆਂ ਕਰਜ਼ਾ ਸਹੂਲਤਾਂ ਕੰਪਨੀ ਨੂੰ ਦਿੱਤੀਆਂ ਗਈਆਂ ਸਨ। ਕੈਨੇਰਾ ਬੈਂਕ ਦੀ ਅੰਦਰੂਨੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਵਲੋਂ ਬੈਂਕ ਨੂੰ ਦਿੱਤੇ ਗਏ ਵਿੱਤੀ ਦਸਤਾਵੇਜ਼ ਅਤੇ ਕੰਪਨੀ ਰਜਿਸਟਰਾਰ ( ਆਰ. ਓ. ਸੀ.) ਕੋਲ ਜਮ੍ਹਾਂ ਰਿਕਾਰਡ ‘ਚ ਅੰਤਰ ਸੀ। ਜੂਨ 2016 ‘ਚ ਕੰਪਨੀ ਦੇ ਇਕ ਮੁਲਾਜ਼ਮ ਨੇ ਵੀ ਬੈਂਕ ਨੂੰ ਮਸ਼ੀਨਰੀ ਹੋਰ ਥਾਂ ‘ਤੇ ਤਬਦੀਲ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ ਸੀ। ਕੰਪਨੀ ਦਾ ਖਾਤਾ ਸਤੰਬਰ 2016 ‘ਚ ਐੱਨ. ਪੀ. ਏ. ਹੋ ਗਿਆ ਸੀ ਅਤੇ ਫਰਵਰੀ 2018 ‘ਚ ਕੰਪਨੀ ਦੀ ਲਿਕਵੀਡੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਬੈਂਕ ਨੇ ਜਨਵਰੀ 2026 ‘ਚ ਖਾਤੇ ਨੂੰ ਧੋਖਾਧੜੀ ਦੀ ਸ਼੍ਰੇਣੀ ‘ਚ ਰੱਖਦਿਆਂ ਆਰ. ਬੀ. ਆਈ. ਨੂੰ ਰਿਪੋਰਟ ਦਿੱਤੀ ਸੀ।