ਜੁਰਮਾਨੇ ਵਾਲੇ ਬੋਰਡ ਦੇ ਬਿਲਕੁਲ ਅੱਗੇ ਲੱਗਾ ਕੂੜੇ ਦਾ ਢੇਰ
ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਡੇਰਾਬੱਸੀ, 11 ਨਵੰਬਰ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਮੁਬਾਰਿਕਪੁਰ ਸੜਕ ’ਤੇ ਸਾਂਝ ਕੇਂਦਰ ਨੇੜੇ ਦੇਖਣ ਨੂੰ ਮਿਲ ਰਹੀ ਹੈ। ਇੱਥੇ ਸੜਕ ਕਿਨਾਰੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ।
ਡੇਰਾਬੱਸੀ, 11 ਨਵੰਬਰ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਮੁਬਾਰਿਕਪੁਰ ਸੜਕ ’ਤੇ ਸਾਂਝ ਕੇਂਦਰ ਨੇੜੇ ਦੇਖਣ ਨੂੰ ਮਿਲ ਰਹੀ ਹੈ। ਇੱਥੇ ਸੜਕ ਕਿਨਾਰੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੂੜੇ ਦੇ ਢੇਰ ਦੇ ਬਿਲਕੁਲ ਸਾਹਮਣੇ ਨਗਰ ਕੌਂਸਲ ਵਲੋਂ ਲਗਾਇਆ ਗਿਆ ਚਿਤਾਵਨੀ ਬੋਰਡ ਵੀ ਖੜ੍ਹਾ ਹੈ, ਜਿਸ ’ਤੇ ਕੂੜਾ ਸੁੱਟਣ ਦੀ ਮਨਾਹੀ ਅਤੇ ਫੜ੍ਹੇ ਜਾਣ ’ਤੇ 20 ਹਜ਼ਾਰ ਰੁ. ਜੁਰਮਾਨੇ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਲਾਕੇ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਬਾਵਜੂਦ ਬੋਰਡ ਦੇ ਸਾਹਮਣੇ ਹੀ ਕੂੜੇ ਦੇ ਢੇਰ ਲੱਗੇ ਹੋਣਾ ਨਗਰ ਕੌਂਸਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਕੂੜੇ ਵਿਚ ਪਲਾਸਟਿਕ, ਪੌਲੀਥੀਨ, ਘਰੇਲੂ ਰਹਿੰਦ-ਖੂੰਹਦ ਅਤੇ ਹੋਰ ਗੰਦਗੀ ਖਿਲਰੀ ਪਈ ਹੈ। ਇਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਫ਼ਾਈ ਪ੍ਰਬੰਧਾਂ ਲਈ ਠੇਕੇ ’ਤੇ ਲੱਖਾਂ ਰੁ. ਖਰਚ ਕੀਤੇ ਜਾ ਰਹੇ ਹਨ ਤਾਂ ਫਿਰ ਸ਼ਹਿਰ ਦੇ ਅਜਿਹੇ ਹਿੱਸਿਆਂ ਵਿਚ ਗੰਦਗੀ ਦੇ ਢੇਰ ਕਿਉਂ ਲੱਗੇ ਹੋਏ ਹਨ। ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਪਹਿਲਾਂ ਇਥੋਂ ਕੂੜਾ ਚੁਕਵਾਇਆ ਜਾਵੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸਵਾਲ ਇਹ ਵੀ ਹੈ ਕਿ 20 ਹਜ਼ਾਰ ਰੁ. ਜੁਰਮਾਨੇ ਵਾਲਾ ਬੋਰਡ ਲਗਾਉਣ ਤੋਂ ਬਾਅਦ ਨਗਰ ਕੌਂਸਲ ਨੇ ਕਦੇ ਇੱਥੇ ਨਿਗਰਾਨੀ ਵੀ ਕੀਤੀ ਹੈ ਜਾਂ ਨਹੀਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਕਿਹਾ ਸਾਫ਼ ਸਫ਼ਾਈ ਦਾ ਠੇਕਾ ਦਿੱਤਾ ਹੋਇਆ ਹੈ, ਠੇਕੇਦਾਰ ਨੂੰ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾ ਦਾਅਵਾ ਕਰਦਿਆ ਕਿਹਾ ਕਿ ਜਲਦ ਹੀ ਸਫ਼ਾਈ ਕਰਵਾ ਦਿੱਤੀ ਜਾਵੇਗੀ।