ਗਲੀ ’ਚ ਖੇਡਦਾ ਢਾਈ ਸਾਲਾ ਬੱਚਾ ਸ਼ੱਕੀ ਹਾਲਤ ‘ਚ ਹੋਇਆ ਲਾਪਤਾ
ਲਾਲੜੂ, 14 ਨਵੰਬਰ (ਰਾਜਬੀਰ ਸਿੰਘ)-ਪਿੰਡ ਬੱਲੋਪੁਰ ਵਿਖੇ ਆਪਣੇ ਘਰ ਦੇ ਸਾਹਮਣੇ ਗਲੀ ‘ਚ ਖੇਡ ਰਿਹਾ ਢਾਈ ਸਾਲਾ ਬੱਚਾ ਸ਼ੱਕੀ ਹਾਲਤ ‘ਚ ਲਾਪਤਾ ਹੋ ਗਿਆ। ਬੱਚੇ ਦੇ ਲਾਪਤਾ ਹੋਣ ਕਾਰਨ ਪਰਿਵਾਰ ‘ਚ ਚਿੰਤਾ ਪਾਈ ਜਾ ਰਹੀ ਹੈ।
ਲਾਲੜੂ, 14 ਨਵੰਬਰ (ਰਾਜਬੀਰ ਸਿੰਘ)-ਪਿੰਡ ਬੱਲੋਪੁਰ ਵਿਖੇ ਆਪਣੇ ਘਰ ਦੇ ਸਾਹਮਣੇ ਗਲੀ ‘ਚ ਖੇਡ ਰਿਹਾ ਢਾਈ ਸਾਲਾ ਬੱਚਾ ਸ਼ੱਕੀ ਹਾਲਤ ‘ਚ ਲਾਪਤਾ ਹੋ ਗਿਆ। ਬੱਚੇ ਦੇ ਲਾਪਤਾ ਹੋਣ ਕਾਰਨ ਪਰਿਵਾਰ ‘ਚ ਚਿੰਤਾ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵਲੋਂ ਇਸ ਸੰਬੰਧੀ ਥਾਣਾ ਲਾਲੜੂ ਵਿਖੇ ਸ਼ਿਕਾਇਤ ਦੇ ਕੇ ਬੱਚੇ ਦੀ ਭਾਲ ਕਰਨ ਦੀ ਗੁਹਾਰ ਲਗਾਈ ਗਈ ਹੈ। ਬੱਚੇ ਦੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਢਾਈ ਸਾਲਾ ਪੋਤਾ ਗੁਰਸਾਜ ਸਿੰਘ ਪੁੱਤਰ ਗੁਰਵਿੰਦਰ ਸਿੰਘ ਸਨਿਚਰਵਾਰ ਦੁਪਹਿਰ ਕਰੀਬ 12.30 ਵਜੇ ਘਰ ਦੇ ਬਾਹਰ ਗਲੀ ‘ਚ ਖੇਡ ਰਿਹਾ ਸੀ। ਕਰੀਬ 20 ਮਿੰਟਾਂ ਬਾਅਦ ਜਦੋਂ ਉਨ੍ਹਾਂ ਨੇ ਬੱਚੇ ਨੂੰ ਦੇਖਿਆ ਤਾਂ ਉਹ ਉਥੇ ਮੌਜੂਦ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਆਲੇ-ਦੁਆਲੇ ਦੀਆਂ ਗਲੀਆਂ ਤੇ ਮੁਹੱਲੇ ‘ਚ ਬੱਚੇ ਦੀ ਭਾਲ ਕੀਤੀ। ਇਸ ਤੋਂ ਬਾਅਦ ਰਿਸ਼ਤੇਦਾਰਾਂ ਤੇ ਹੋਰ ਸੰਭਾਵਿਤ ਥਾਵਾਂ ‘ਤੇ ਵੀ ਪਤਾ ਲਗਾਇਆ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਕਾਫ਼ੀ ਭਾਲ ਕਰਨ ਦੇ ਬਾਵਜੂਦ ਜਦੋਂ ਬੱਚੇ ਦਾ ਕੋਈ ਪਤਾ ਨਹੀਂ ਚੱਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸੰਪਰਕ ਕਰਨ ‘ਤੇ ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਭਾਲ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ।