ਐਨ.ਐਚ.ਐਮ. ਕਰਮਚਾਰੀਆਂ ਨੂੰ ਵੀ ਮਿਲੇਗਾ ਸਿਹਤ ਬੀਮਾ ਕਵਰੇਜ - ਸਿਹਤ ਮੰਤਰੀ ਆਰਤੀ ਸਿੰਘ ਰਾਓ
ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹੁਣ ਸੂਬਾ ਸਰਕਾਰ ਵੱਲੋਂ ‘ਚਿਰਾਯੂ-ਐਕਸਟੈਨਸ਼ਨ’ ਯੋਜਨਾ ਤਹਿਤ, 8812 ਰਾਸ਼ਟਰੀ ਸਿਹਤ ਮਿਸ਼ਨ (ਐਨ. ਐਚ.
ਸ
ਸਿਹਤ ਮੰਤਰੀ ਆਰਤੀ ਸਿੰਘ ਰਾਓ
17-11-2026
ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹੁਣ ਸੂਬਾ ਸਰਕਾਰ ਵੱਲੋਂ ‘ਚਿਰਾਯੂ-ਐਕਸਟੈਨਸ਼ਨ’ ਯੋਜਨਾ ਤਹਿਤ, 8812 ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ) ਦੇ ਕਰਮਚਾਰੀਆਂ (ਜੋ ਸੇਵਾ ਉਪ-ਨਿਯਮਾਂ ਦੇ ਅਧੀਨ ਆਉਂਦੇ ਹਨ) ਨੂੰ ਵੀ ‘ਆਯੁਸ਼ਮਾਨ ਭਾਰਤ - ਹਰਿਆਣਾ ਸਿਹਤ ਸੁਰੱਖਿਆ ਅਥਾਰਟੀ’ ਰਾਹੀਂ ਆਯੁਸ਼ਮਾਨ ਭਾਰਤ “ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ” ਦੀ ਸਿਹਤ ਬੀਮਾ ਕਵਰੇਜ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਕਰਮਚਾਰੀ ਨੂੰ ਸਿਰਫ਼ 1500 ਰੁਪਏ ਸਾਲਾਨਾ ਫੀਸ ਅਦਾ ਕਰਨੀ ਪਵੇਗੀ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਯੋਗ ਲਾਭਪਾਤਰੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਇਲਾਜ ‘ਤੇ ਹੋਣ ਵਾਲੇ ਨਿੱਜੀ ਖਰਚੇ ਨੂੰ ਘਟਾਉਣਾ ਹੈ। ਇਸ ਤਹਿਤ, ਰਾਸ਼ਟਰੀ ਸਿਹਤ ਅਥਾਰਟੀ ਦੇ ‘ਸਿਹਤ ਲਾਭ ਪੈਕੇਜ’ ਵਿੱਚ ਸ਼ਾਮਲ ਸੂਚੀਬੱਧ ਸਿਹਤ ਸੇਵਾ ਪ੍ਰਦਾਤਾਵਾਂ ਦੇ ਨੈੱਟਵਰਕ ਰਾਹੀਂ ਹਸਪਤਾਲ ਵਿੱਚ ਦਾਖ਼ਲ ਹੋ ਕੇ ਇਲਾਜ ਤੇ ਡੇਅ-ਕੇਅਰ ਪ੍ਰਕਿਰਿਆਵਾਂ ਲਈ ਲਾਭ ਦਿੱਤੇ ਜਾਣਗੇ। ਇਹ ਲਾਭ ਪ੍ਰਤੀ ਪਰਿਵਾਰ 1500 ਰੁਪਏ ਸਾਲਾਨਾ ਦੇ ਮਾਮੂਲੀ ਯੋਗਦਾਨ (ਰਜਿਸਟ੍ਰੇਸ਼ਨ ਫੀਸ ਸਮੇਤ) ਦਾ ਭੁਗਤਾਨ ਕਰਨ ਤੋਂ ਬਾਅਦ ਪ੍ਰਾਪਤ ਕੀਤੇ ਜਾ ਸਕਣਗੇ। ਰਾਸ਼ਟਰੀ ਸਿਹਤ ਮਿਸ਼ਨ, ਹਰਿਆਣਾ ਦੇ ਮਿਸ਼ਨ ਡਾਇਰੈਕਟਰ ਡਾ. ਆਰ.ਐਸ. ਢਿੱਲੋਂ ਨੇ ਦੱਸਿਆ ਕਿ ਇਹ ਯੋਜਨਾ ਪੂਰੀ ਤਰ੍ਹਾਂ ਕੈਸ਼ਲੈਸ, ਪੇਪਰਲੈੱਸ, ਪਾਰਦਰਸ਼ੀ ਤੇ ਡਿਜੀਟਲ ਹੈ। ਇਸ ਤਹਿਤ ਆਯੁਸ਼ਮਾਨ ਭਾਰਤ “ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ” ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯੋਗ ਲਾਭਪਾਤਰੀਆਂ ਨੂੰ ਸਾਰੇ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਇਸ ਵਿੱਚ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਡਾ. ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਵਿੱਚ ਸਰਜਰੀ, ਮੈਡੀਕਲ ਤੇ ਡੇਅ-ਕੇਅਰ ਇਲਾਜ ਸਮੇਤ ਲਗਭਗ 2200 ਤਰ੍ਹਾਂ ਦੇ ਇਲਾਜ ਸ਼ਾਮਲ ਹਨ, ਜਿਨ੍ਹਾਂ ਵਿੱਚ ਦਵਾਈਆਂ ਤੇ ਜਾਂਚਾਂ (ਡਾਇਗਨੌਸਟਿਕਸ) ਦਾ ਖਰਚਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਲਾਜ ਦੇ ਖਰਚੇ ਵਿੱਚ ਜਾਂਚਾਂ, ਹਸਪਤਾਲ ਵਿੱਚ ਦਾਖ਼ਲ ਹੋਣ ਤੋਂ 3 ਦਿਨ ਪਹਿਲਾਂ ਦਾ ਖਰਚਾ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ 15 ਦਿਨਾਂ ਤੱਕ ਦਾ ਖਰਚਾ ਸ਼ਾਮਲ ਹੈ। ਪਹਿਲਾਂ ਤੋਂ ਮੌਜੂਦ ਸਾਰੀਆਂ ਬਿਮਾਰੀਆਂ ਇਸ ਯੋਜਨਾ ਦੇ ਦਾਇਰੇ ਵਿੱਚ ਆਉਂਦੀਆਂ ਹਨ ਤੇ ਯੋਗ ਲਾਭਪਾਤਰੀ ਪੂਰੇ ਭਾਰਤ ਵਿੱਚ ਕਿਤੇ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ, ਕਿਉਂਕਿ ਇਸ ਯੋਜਨਾ ਵਿੱਚ ‘ ਨੈਸ਼ਨਲ ਪੋਰਟੇਬਿਲਟੀ’ ਦੀ ਸਹੂਲਤ ਹੈ। ਇਸ ਯੋਜਨਾ ਤਹਿਤ ਜ਼ਿਲ੍ਹਾ ਤੇ ਸੂਬਾ ਦੋਵਾਂ ਪੱਧਰਾਂ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਪ੍ਰਣਾਲੀ (ਗ੍ਰੀਵੈਂਸ ਰੈੱਡਰੈਸਲ ਮਕੈਨਿਜ਼ਮ) ਮੌਜੂਦ ਹੈ। ਡਾ. ਢਿੱਲੋਂ ਨੇ ਅੱਗੇ ਕਿਹਾ ਕਿ ਸਾਰੇ ਸਬੰਧਤ ਕਰਮਚਾਰੀ ਅਧਿਕਾਰਤ ਲਾਭਪਾਤਰੀ ਪੋਰਟਲ ‘ਤੇ ਜਾ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਲਈ ਆਯੁਸ਼ਮਾਨ ਕਾਰਡ ਬਣਾ ਸਕਦੇ ਹਨ, ਜਿਨ੍ਹਾਂ ਦੇ ਨਾਮ ‘ਫੈਮਿਲੀ ਆਈ.ਡੀ.’ ਵਿੱਚ ਸ਼ਾਮਲ ਹਨ। ਸਾਰੇ ਸਬੰਧਤ ਕਰਮਚਾਰੀ ਆਪਣੇ ਆਯੁਸ਼ਮਾਨ ਕਾਰਡ ਜਾਂ ਤਾਂ ਖੁਦ ਆਪਣੇ ਜ਼ਿਲ੍ਹੇ ਦੇ ਪੱਧਰ ‘ਤੇ ਡਾਊਨਲੋਡ ਕਰ ਸਕਦੇ ਹਨ ਜਾਂ ਫਿਰ ਸਿਵਲ ਹਸਪਤਾਲਾਂ ਵਿੱਚ ਮੌਜੂਦ ‘ਆਯੁਸ਼ਮਾਨ ਮਿੱਤਰਾਂ’ ਦੀ ਮਦਦ ਨਾਲ ਪ੍ਰਾਪਤ ਕਰ ਸਕਦੇ ਹਨ।