ਤਲਵੰਡੀ ਸਾਬੋ, 13 ਅਪ੍ਰੈਲ (ਰਣਜੀਤ ਸਿੰਘ ਰਾਜੂ)-ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ (ਚੇਅਰਮੈਨ ਧਰਮ ਪ੍ਰਚਾਰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅਗਵਾਈ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਉੱਪ ਮੰਡਲ ਤਲਵੰਡੀ ਸਾਬੋ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਚ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਬਚਾਉਣ ਲਈ 'ਅਕਾਲ ਤਖ਼ਤ ਦੇ ਦੋਸ਼ੀ ਬਾਦਲ ਭਜਾਓ, ਮੀਰੀ ਪੀਰੀ ਕਾਲਜ ਪੰਥ ਅਤੇ ਹਰਿਆਣਾ ਕਮੇਟੀ ਬਚਾਓ' ਦੇ ਬੈਨਰ ਹੇਠ ਇਕ ਵੱਡੀ ਪੰਥਕ ਇਕੱਤਰਤਾ ਕਰਵਾਈ ਗਈ | ਜਥੇਦਾਰ ਦਾਦੂਵਾਲ ਦੀ ਮੀਡੀਆ ਟੀਮ ਵਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਪੰਥਕ ਇਕੱਤਰਤਾ ਦੌਰਾਨ ਗਿਆਨੀ ਰਘਬੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਮਨਜੀਤ ਸਿੰਘ ਭੋਮਾ (ਚੇਅਰਮੈਨ ਧਰਮ ਪ੍ਰਚਾਰ ਪੰਜਾਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਜਥੇਦਾਰ ਪਰਮਜੀਤ ਸਿੰਘ ਸਹੌਲੀ (ਪ੍ਰਧਾਨ ਅਕਾਲੀ ਦਲ ਸੁਤੰਤਰ), ਜਥੇਦਾਰ ਭੁਪਿੰਦਰ ਸਿੰਘ ਅਸੰਧ (ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ), ਭਾਈ ਗੁਰਦੀਪ ਸਿੰਘ ਬਠਿੰਡਾ (ਪ੍ਰਧਾਨ ਸ਼ੇਰ-ਏ-ਪੰਜਾਬ ਅਕਾਲੀ ਦਲ) ਅਤੇ ਦੀਦਾਰ ਸਿੰਘ ਨਲਵੀ ਸਮੇਤ ਕਈ ਪੰਥਕ ਆਗੂਆਂ ਨੇ ਸੰਗਤ ਨੂੰ ਸੰਬੋਧਨ ਕੀਤਾ | ਵਕਤਾਵਾਂ ਨੇ ਆਪਣੇ ਸੰਬੋਧਨਾਂ ਵਿੱਚ ਕਿਹਾ ਕਿ ਜਦੋਂ ਬਾਦਲ ਪਰਿਵਾਰ ਪੰਜਾਬ ਦੀ ਸੱਤਾ ਵਿੱਚ ਆਇਆ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਗਿਆ | ਬਾਦਲ ਰਾਜ ਦੌਰਾਨ ਨਕੋਦਰ ਗੋਲੀਕਾਂਡ, ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਗੋਲੀਕਾਂਡ, ਕੋਟਕਪੂਰਾ ਕਾਂਡ, ਚੌੜਾ ਸਿੱਧਵਾਂ ਕਾਂਡ, ਲੁਹਾਰਾ ਗੋਲੀਕਾਂਡ ਅਤੇ ਭਨਿਆਰਾ ਕਾਂਡ ਵਰਗੀਆਂ ਘਟਨਾਵਾਂ ਵਾਪਰੀਆਂ | ਗੁਰਮੀਤ ਰਾਮ ਰਹੀਮ ਨਾਲ ਜੁੜੇ ਮਾਮਲਿਆਂ ਵਿਚ ਵੀ ਢਿੱਲ ਦਿੱਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪ੍ਰਤਿਸ਼ਠਾ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਨਾਲ ਹੀ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਉੱਤੇ ਟਰੱਸਟ ਰਾਹੀਂ ਕਬਜ਼ਾ ਕਰਨ ਦਾ ਵੀ ਦੋਸ਼ ਲਗਾਇਆ ਗਿਆ | ਆਗੂਆਂ ਮੁਤਾਬਿਕ ਪੰਜਾਬ ਦੀ ਸੱਤਾ ਤੋਂ ਬਾਹਰ ਕੀਤੇ ਬਾਦਲ ਪਰਿਵਾਰ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਵੀ ਬਾਹਰ ਕੀਤਾ ਜਾਣਾ ਚਾਹੀਦੈ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਸਿੱਖ ਪੰਥ ਅਤੇ ਹਰਿਆਣਾ ਕਮੇਟੀ ਦੀ ਸੇਵਾ ਕੀਤੀ ਹੈ ਅਤੇ ਸੁਪਰੀਮ ਕੋਰਟ ਤੋਂ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਫੈਸਲਾ ਲਵਾਇਆ | ਹਰਿਆਣਾ ਦੇ ਜਿਨ੍ਹਾਂ ਇਤਿਹਾਸਕ ਗੁਰਦੁਆਰਿਆਂ, ਸਕੂਲਾਂ ਅਤੇ ਕਾਲਜਾਂ ਦਾ ਪ੍ਰਬੰਧ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਧੀਨ ਸੀ, ਉਹ ਹਰਿਆਣਾ ਕਮੇਟੀ ਨੂੰ ਸੌਂਪੇ ਜਾ ਚੁੱਕੇ ਹਨ, ਪਰ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਉੱਤੇ ਅਜੇ ਵੀ ਗ਼ੈਰ-ਕਾਨੰੂਨੀ ਕਬਜ਼ਾ ਹੈ, ਜਿਸਨੂੰ ਜਲਦੀ ਕਾਨੂੰਨੀ ਤਰੀਕੇ ਨਾਲ ਹਟਾ ਕੇ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੌਂਪਿਆ ਜਾਵੇਗਾ | ਇਕੱਤਰਤਾ ਵਿਚ ਹਰਿਆਣਾ ਕਮੇਟੀ ਦੇ ਗੁਰਮੀਤ ਸਿੰਘ ਰਾਮਸਰ, ਗੁਰਵੀਰ ਸਿੰਘ ਤਲਾਕੌਰ ਯਮੁਨਾਨਗਰ, ਤਜਿੰਦਰਪਾਲ ਸਿੰਘ ਨਾਰਨੌਲ, ਜਗਤਾਰ ਸਿੰਘ ਮਾਨ ਮਿੱਠੜੀ, ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ, ਰਜਿੰਦਰ ਸਿੰਘ ਬਰਾੜ, ਸਰਪੰਚ ਭੁਪਿੰਦਰ ਸਿੰਘ ਲਾਡੀ, ਜਥੇਦਾਰ ਬਲਦੇਵ ਸਿੰਘ ਹਾਬੜੀ, ਮਹਾਕਾਲ ਨਿਹੰਗ ਸਿੰਘ, ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, ਭੁਪਿੰਦਰ ਸਿੰਘ ਸੈਣੀ, ਪਰਮਜੀਤ ਸਿੰਘ ਮਾਖਾ, ਅਜੈਬ ਸਿੰਘ ਨਿੰਮਨਾਬਾਦ, ਜਥੇਦਾਰ ਗੁਰਜਿੰਦਰ ਸਿੰਘ ਜੀਂਦ, ਇੰਦਰਜੀਤ ਸਿੰਘ ਵਾਸੂਦੇਵਾ, ਸੁਰਿੰਦਰ ਸਿੰਘ ਵੈਦਵਾਲਾ, ਸਕੱਤਰ ਸਰਬਜੀਤ ਸਿੰਘ ਜੰਮੂ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਗਾਂਧੀ ਸਿੰਘ ਕਾਰ ਸੇਵਾ, ਬਾਬਾ ਸੁਖਪਾਲ ਸਿੰਘ ਬੜਾਗੁੜਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਸਵਰਨ ਸਿੰਘ, ਨਰਿੰਦਰ ਸਿੰਘ ਗਿੱਲ ਕੁਰੂਕਸ਼ੇਤਰ, ਨਿਰਮਲ ਸਿੰਘ ਮੱਲੜੀ, ਦਲਜੀਤ ਸਿੰਘ ਕਾਦੀਆਂ, ਸੁਖਦੇਵ ਸਿੰਘ ਬੜਾਗੁੜਾ ਆਦਿ ਮੌਜੂਦ ਸਨ |