ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਕਰਨੈਲ ਸਿੰਘ)-ਅੱਜ ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਜੈਮਲ ਸਿੰਘ ਭੜੀ ਦੇ ਗ੍ਰਹਿ ਵਿਖੇ ਹੋਈ | ਜਿਸ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਨੂੰ ਸਫ਼ਲ ਕਰਨ ਦਾ ਕੀਤਾ ਫ਼ੈਸਲਾ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਪੈੱ੍ਰਸ ਨੂੰ ਜਾਰੀ ਕਰਦਿਆਂ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਦੇਸ਼ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ | ਜਿਸ 'ਚ ਮੁੱਖ ਤੌਰ 'ਤੇ ਕਿਸਾਨਾਂ ਦੀਆਂ ਭਖਦਿਆਂ ਮੰਗਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਉਭਾਰਨਾ ਹੈ | ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਆਪਣੇ ਚਹੇਤੇ ਪੂੰਜੀਪਤੀ ਤੇ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ 'ਤੇ ਲੱਗੀਆਂ ਹੋਈਆਂ ਹਨ | ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਫ਼ਸਲਾਂ 'ਤੇ ਸੀ 2 ਪਲੱਸ 50 ਪ੍ਰਤੀਸ਼ਤ 'ਤੇ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ, ਮਨਰੇਗਾ ਨੂੰ ਖ਼ਤਮ ਕਰਕੇ ਬਣਾਇਆ ਮਜ਼ਦੂਰ ਵਿਰੋਧੀ ਕਾਨੂੰਨ ਵੀ. ਬੀ. ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿਲ 2025 ਅਤੇ ਬੀਜ ਬਿੱਲ 2025 ਰੱਦ ਕੀਤਾ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਰੱਦ ਕੀਤੇ ਜਾਣ | ਇਸ ਸਬੰਧ 'ਚ ਸਾਰੇ ਦੇਸ਼ ਦੇ ਅੰਦਰ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ | ਅੱਜ ਦੀ ਇਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ 11 ਵਜੇ ਸ਼੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿਖੇ ਇਕੱਠੇ ਹੋ ਕੇ ਪਿੰਡ ਢੇਰ ਤੱਕ ਟਰੈਕਟਰ ਪਰੇਡ ਕੀਤੀ ਜਾਵੇਗੀ | ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ 'ਚ ਇਸ ਪਰੇਡ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ | ਇਸ ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਨਿਰਪੱਖ ਪੱਤਰਕਾਰਤਾ ਦੇ ਖ਼ਿਲਾਫ਼ ਦਰਜ਼ ਕੀਤੇ ਪਰਚਿਆਂ ਦੀ ਵੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਮੀਟਿੰਗ 'ਚ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਨਰਿੰਦਰ ਸਿੰਘ ਮਾਵੀ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜ਼ਿਲ੍ਹਾ ਆਗੂ ਦਵਿੰਦਰ ਨੰਗਲੀ, ਰਾਮਪਾਲ ਤਾਰਾਪੁਰ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਜੈਮਲ ਸਿੰਘ ਭੜੀ, ਪਿ੍ੰਸ ਬੱਢਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਾਸਟਰ ਕਿਰਪਾਲ ਸਿੰਘ ਭੱਟੋਂ, ਕਿਰਤੀ ਕਿਸਾਨ ਮੋਰਚਾ ਦੇ ਆਗੂ ਅਮਰੀਕ ਸਿੰਘ ਬੇਲਾ ਰਾਮਗੜ੍ਹ ਤੋਂ ਇਲਾਵਾ ਮਹਿੰਦਰ ਸਿੰਘ ਸੰਗਤਪੁਰ, ਤਰਸੇਮ ਲਾਲ ਸੁਖਸਾਲ, ਇੰਦਰਜੀਤ ਸਿੰਘ ਫ਼ੌਜੀ, ਸੂਬੇਦਾਰ ਗੁਰਨਾਮ ਸਿੰਘ ਭੰਗਲ, ਗੁਲਜ਼ਾਰ ਸਿੰਘ ਨੰਗਲੀ ਵੀ ਹਾਜ਼ਰ ਸਨ |