ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਨੰਗਲ ਵਿਖੇ ਅੱਜ ਡਿਪਟੀ ਸੀ.ਏ.ਓ. ਐਸ. ਪੀ. ਰਾਣਾ ਵਲੋਂ ਆਪਣਾ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ ਗਿਆ | ਬੀ.ਬੀ.ਐਮ.ਬੀ.ਦੀ ਮਾਨਤਾ ਪ੍ਰਾਪਤ ਮੁਲਾਜ਼ਮ ਜਥੇਬੰਦੀ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਇੱਕ ਵਫ਼ਦ ਵਲੋਂ ਉਨਾਂ ਦਾ ਅਹੁਦਾ ਸੰਭਾਲਣ ਮੌਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਰਮਾ ਸਵਾਗਤ ਕੀਤਾ ਗਿਆ | ਉਪਰੰਤ ਬੀ.ਬੀ.ਐਮ.ਬੀ.ਦੇ ਕਰਮਚਾਰੀਆਂ ਨਾਲ ਜੁੜੇ ਮਹੱਤਵਪੂਰਨ ਮਸਲਿਆਂ ਜਿਵੇਂ ਕਿ ਐਡਹੌਕ ਪ੍ਰਮੋਸ਼ਨ ਵਾਲੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਸਥਾਈ ਹੱਲ, ਕਰਮਚਾਰੀਆਂ ਦੇ ਓਵਰਟਾਈਮ ਦੀ ਅਦਾਇਗੀ ਜਲਦੀ ਕਰਵਾਉਣਾ, ਕਰਮਚਾਰੀਆਂ ਦੀ ਪੇ-ਸਲਿਪ ਜਾਰੀ ਕਰਵਾਉਣਾ, ਇਸ ਤੋਂ ਇਲਾਵਾ ਸੇਵਾ-ਨਿਰਮਿਤ ਕਰਮਚਾਰੀਆਂ ਦੇ ਰਹਿੰਦੇ ਏਰੀਅਰ ਦੀ ਅਦਾਇਗੀ ਜਲਦੀ ਕਰਵਾਉਣਾ ਆਦਿ ਉੱਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਵਫ਼ਦ ਵਲੋਂ ਇਨ੍ਹਾਂ ਮਸਲਿਆਂ ਦੇ ਜਲਦੀ ਹੱਲ ਦੀ ਮੰਗ ਕੀਤੀ ਗਈ | ਡਿਪਟੀ ਸੀਏਓ ਐਸ. ਪੀ. ਰਾਣਾ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਚਿੱਤ ਅਤੇ ਸਕਾਰਾਤਮਿਕ ਹੱਲ ਦਾ ਭਰੋਸਾ ਦਿਵਾਇਆ | ਇਸ ਮੌਕੇ ਵਿੱਤੀ ਵਿਭਾਗ ਦੇ ਲੇਖਾ ਅਧਿਕਾਰੀ ਮਨੋਜ ਕੁਮਾਰ, ਲੇਖਾ ਅਧਿਕਾਰੀ ਰੂਪੇਸ਼ ਕੁਮਾਰ ਸੁਨੇਜਾ ਅਤੇ ਜਥੇਬੰਦੀ ਵਲੋਂ ਸਤਨਾਮ ਸਿੰਘ ਲਾਦੀ, ਨਵੀਨ ਚੰਦਰ, ਸੰਜੀਵ ਸ਼ਰਮਾ, ਤਿਲਕ ਰਾਜ ਬਾਲੀ, ਹਰਪਾਲ ਰਾਣਾ, ਵਿਨੋਦ ਰਾਣਾ, ਪਰਮਜੀਤ ਸਿੰਘ, ਜਗਮੋਹਨ ਸਿੰਘ, ਰਣਵੀਰ ਪਟਿਆਲ, ਯਸ਼ਪਾਲ ਰਾਣਾਵਤ, ਗੌਰਵ ਸ਼ਰਮਾ ਆਦਿ ਹਾਜ਼ਰ ਸਨ |