21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਰੂਪਨਗਰ ਜ਼ਿਲ੍ਹੇ 'ਚ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-01-2026

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਦੇ ਨਹਿਰੂ ਸਟੇਡੀਅਮ ਵਿਚ 77ਵਾਂ ਗਣਤੰਤਰ ਦਿਵਸ ਬੜੇ ਜੋਸ਼ ਤੇ ਸ਼ਾਨ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰਾਸ਼ਟਰੀ ਤਿਰੰਗਾ ਲਹਿਰਾ ਕੇ ਪਰੇਡ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਤੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਉਨ੍ਹਾਂ ਨੂੰ ਐਸਕੋਰਟ ਕੀਤਾ। ਤਰੁਨਪ੍ਰੀਤ ਸਿੰਘ ਸੌਂਦ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸੰਵਿਧਾਨਕ ਮੁੱਲਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਘੋਸ਼ਣਾ ਕੀਤੀ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਨਾਲ ਹੀ ਸਕੂਲ ਆਫ ਐਮੀਨੈਂਸ, ਆਈ.ਟੀ.ਆਈ. ਵਿਚ ਵਧੀਆਂ ਸੀਟਾਂ ਅਤੇ 300 ਯੂਨਿਟ ਮੁਫ਼ਤ ਬਿਜਲੀ ਵਰਗੇ ਫ਼ੈਸਲੇ ਲੋਕ-ਭਲਾਈ ਵੱਲ ਵੱਡੇ ਕਦਮ ਹਨ। ਪਰੇਡ ਵਿਚ ਪੰਜਾਬ ਪੁਲਿਸ, ਮਹਿਲਾ ਪੁਲਿਸ, ਹੋਮ ਗਾਰਡਜ਼ ਅਤੇ ਵੱਖਰੇ ਸਕੂਲਾਂ ਦੀਆਂ ਟੁਕੜੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਸਕੂਲੀ ਬੱਚਿਆਂ ਨੇ ਕੋਰੀਓਗ੍ਰਾਫੀ, ਡਾਂਸ, ਪੀ.ਟੀ. ਸ਼ੋਅ ਅਤੇ ਗਿੱਧੇ ਵਰਗੇ ਮਨਮੋਹਕ ਪ੍ਰੋਗਰਾਮ ਪੇਸ਼ ਕੀਤੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਅਤੇ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ ਅਤੇ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਸਮਾਗਮ ਵਿਚ ਪ੍ਰਮੁੱਖ ਤੌਰ 'ਤੇ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ, ਡੀ.ਆਈ.ਜੀ. ਰੂਪਨਗਰ ਰੇਂਜ ਡਾ. ਨਾਨਕ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਵਿਕੇਸ਼ ਗੁਪਤਾ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮੰਨਿਊ ਮਲਿਕ, ਐੱਸ.ਪੀ. ਅਰਵਿੰਦ ਮੀਨਾ, ਅੱੈਸ.ਪੀ. ਗੁਰਦੀਪ ਸਿੰਘ ਗੋਸਲ, ਐੱਸ.ਡੀ.ਐੱਮ. ਰੂਪਨਗਰ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਮਾਰਕੀਟ ਕਮੇਟੀ ਅਨੰਦਪੁਰ ਸਾਹਿਬ ਕਮਿੱਕਰ ਸਿੰਘ ਡਾਢੀ, ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ ਭਾਗ ਸਿੰਘ ਮਦਾਨ, ਸਿਵਲ ਸਰਜਨ ਡਾ. ਨਵਰੂਪ ਕੌਰ ਵੱਖ-ਵੱਖ ਜੁਡੀਸ਼ਲ ਅਧਿਕਾਰੀ ਜਿਨ੍ਹਾਂ 'ਚ ਡਾ. ਮੋਨੀਕਾ ਗੋਇਲ, ਡਾ. ਸੁਖਵਿੰਦਰ ਸਿੰਘ ਸੀ. ਜੇ. ਐਮ., ਅਮਨਦੀਪ ਕੌਰ (ਡੀ.ਐੱਲ.ਐੱਸ.ਏ.), ਅਸ਼ੀਸ਼ ਠਠਈ, ਮੋਹਿਤ ਬਾਂਸਲ, ਪ੍ਰਤਿਮਾ ਅਰੋੜਾ, ਪੁਸ਼ਪਿੰਦਰ ਸਿੰਘ, ਜਗਮੀਤ ਸਿੰਘ, ਜੋਸ਼ਿਕਾ ਸੂਦ, ਡਾ. ਸੀਮਾ ਅਗਨੀਹੋਤਰੀ, ਅਨੰਨਿਆ ਰਿਸ਼ੀ, ਕਾਮਿਨੀ, ਮਨੀਸ਼ਾ ਸਮਾਗਮ ਦੇ ਅਖੀਰ 'ਚ ਸ਼ਿਵਾਲਿਕ ਸਕੂਲ ਦੇ ਸਟਾਫ਼ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
ਰਿਆਤ ਬਾਹਰਾ ਯੂਨੀਵਰਸਿਟੀ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
ਰੂਪਨਗਰ ਤੋਂ ਸਟਾਫ਼ ਰਿਪੋਰਟਰ ਅਨੁਸਾਰ-ਰਿਆਤ ਬਾਹਰਾ ਯੂਨੀਵਰਸਿਟੀ ਵਿਚ ਗਣਤੰਤਰ ਦਿਵਸ ਬੜੇ ਉਤਸ਼ਾਹ ਤੇ ਦੇਸ਼ਭਗਤੀ ਦੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਚਾਂਸਲਰ ਅਤੇ ਗਰੁੱਪ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਵਲੋਂ ਤਿਰੰਗਾ ਫਹਿਰਾਉਣ ਨਾਲ ਹੋਈ। ਇਸ ਮੌਕੇ ਗਰੁੱਪ ਵਾਈਸ ਚਾਂਸਲਰ ਪ੍ਰੋ.(ਡਾ.) ਸੰਜੇ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਦੇਸ਼ ਲੋਕਤੰਤਰ ਅਤੇ ਅਜ਼ਾਦੀ ਦਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਵਿਧਾਨਕ ਮੁੱਲਾਂ ਨੂੰ ਅਪਣਾਉਣ ਅਤੇ ਦੇਸ਼ ਦੀ ਏਕਤਾ ਤੇ ਤਰੱਕੀ ਲਈ ਅਹਿਮ ਭੂਮਿਕਾ ਨਿਭਾਉਣ ਦੀ ਪ੍ਰੇਰਣਾ ਦਿੱਤੀ। ਗਰੁੱਪ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਗਣਤੰਤਰ ਦਿਵਸ ਦੀ ਵਧਾਈ ਅਤੇ ਸੰਵਿਧਾਨ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਦੇਸ਼ ਲਈ ਜਾਨ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਯੂਨੀਵਰਸਿਟੀ ਨਾਲ ਲੰਬੇ ਸਮੇਂ ਤੋਂ ਜੁੜੇ ਕਰਮਚਾਰੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਐੱਸ. ਕੇ. ਬਾਂਸਲ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਅਤੇ ਸੀਨੀਅਰ ਅਫ਼ਸਰ ਵੀ ਸਮਾਗਮ ਵਿਚ ਹਾਜ਼ਰ ਰਹੇ।
ਬੀ. ਬੀ. ਐੱਮ. ਬੀ. ਗੰਗੂਵਾਲ ਵਿਖੇ ਗਣਤੰਤਰ ਦਿਵਸ ਮਨਾਇਆ
ਢੇਰ ਤੋਂ ਸ਼ਿਵ ਕੁਮਾਰ ਕਾਲੀਆ ਅਨੁਸਾਰ-ਬੀ. ਬੀ. ਅੱੈਮ. ਬੀ. ਗੰਗੂਵਾਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਜਗਜੀਤ ਸਿੰਘ ਚੀਫ ਇੰਜੀਨੀਅਰ ਜਨਰੇਸ਼ਨ ਬੀ.ਬੀ.ਐੱਮ.ਬੀ. ਨੰਗਲ ਵਲੋਂ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਇਸ ਮੌਕੇ 'ਤੇ ਹਾਜ਼ਰ ਸਮੂਹ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਦੇਸ਼ ਦੇ ਮਾਣ ਹੈ ਉਹਨਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਨਾਂ ਦੀ ਬਦੋਲਤ ਅਸੀਂ ਦੇਸ਼ ਦੇ ਵਿਚ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਉਹਨਾਂ ਅੱਜ ਦੇ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਆਰ. ਈ. ਗੁਰਚਰਨ ਸਿੰਘ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਕੂਲ ਦੀ ਉਪਲਬਧੀ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਮਨਮੋਹਕ ਦੇਸ਼ ਭਗਤੀ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਇੰਜੀਨੀਅਰ ਮਨੀਸ਼ਾ ਵਸ਼ਿਸ਼ਟ, ਇੰਜੀਨੀਅਰ ਡੀ. ਪੀ. ਸੋਨੀ ਸੀਨੀਅਰ ਐਕਸੀਅਨ, ਇੰਜੀਨੀਅਰ ਵਰਿੰਦਰ ਨਾਥ ਸ਼ਰਮਾ, ਇੰਜੀਨੀਅਰ ਪ੍ਰਿਤਪਾਲ ਸਿੰਘ, ਰਜਿੰਦਰ ਕੁਮਾਰ ਧੀਮਾਨ, ਸਤਪਾਲ ਸ਼ਰਮਾ, ਬਲਦੇਵ ਸਿੰਘ, ਸਤਪਾਲ ਕੁਮਾਰ, ਮੁੱਖ ਅਧਿਆਪਕ ਕੁਲਦੀਪ ਸਿੰਘ, ਮੈਡਮ ਸੀਮਾ, ਬਬਤਾ ਰਾਣੀ, ਮਨਪ੍ਰੀਤ ਕੌਰ, ਅਮਰੀਕ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਕੂਲ ਕਾਂਗੜ ਵਿਖੇ ਗਣਤੰਤਰ ਦਿਵਸ ਮਨਾਇਆ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ 26 ਜਨਵਰੀ ਧੂਮ ਧਾਮ ਨਾਲ ਮਨਾਈ ਗਈ। ਸੁਰਿੰਦਰ ਸਿੰਘ ਡੀ. ਓ. ਸੀ. ਸਕਾਟ ਅਤੇ ਪਰਮਿੰਦਰ ਕੌਰ ਡੀ.ਓ.ਸੀ. ਗਾਈਡ ਦੀ ਅਗਵਾਈ ਅਧੀਨ ਸਕੂਲ ਦੇ ਸਕਾਟ ਵਿੰਗ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰ ਪਾਖਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਬੱਚਿਆਂ ਨੂੰ 26 ਜਨਵਰੀ ਦੇ ਇਤਿਹਾਸ ਅਤੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਗਿਆਰਵੀਂ ਜਮਾਤ ਦੀ ਵਿਦਿਆਰਥਣ ਅਨਮੋਲ ਨੇ 26 ਜਨਵਰੀ ਦੇ ਮਹੱਤਵ ਨੂੰ ਇੱਕ ਭਾਸ਼ਣ ਰਾਹੀਂ ਸੁਣਾ ਕੇ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।
ਘਨੌਲੀ ਵਿਖੇ ਗਣਤੰਤਰ ਦਿਵਸ ਮਨਾਇਆ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਸ਼ਿਵ ਸੈਨਾ ਪੰਜਾਬ ਵਲੋਂ ਘਨੌਲੀ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ ਨੇ ਕਿਹਾ ਕਿ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਦੀ ਦੇਖ ਰੇਖ ਅਧੀਨ ਹੋਏ ਸਮਾਗਮ ਦੌਰਾਨ ਰਾਸ਼ਟਰੀ ਗੀਤ ਉਚਾਰਨ ਕੀਤਾ ਗਿਆ, ਉਪਰੰਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਜੀਵ ਘਨੌਲੀ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਸਰਪੰਚ ਕੁਲਦੀਪ ਸਿੰਘ ਜੇ.ਈ. ਨੇ ਵੀ ਗਣਤੰਤਰ ਦਿਵਸ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਮਾਗਮ ਦੀ ਸਮਾਪਤੀ ਤੇ ਲੱਡੂ ਵੰਡੇ ਗਏ। ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ, ਸਰਪੰਚ ਕੁਲਦੀਪ ਸਿੰਘ ਜੇ.ਈ., ਚੌਕੀ ਇੰਚਾਰਜ ਸੋਹਨ ਸਿੰਘ, ਬਲਾਕ ਸੰਮਤੀ ਮੈਂਬਰ ਸੰਦੀਪ ਕੁਮਾਰ ਪਰਜਾਪਤ, ਸਾਬਕਾ ਪੰਚ ਸੁਰੇਸ਼ ਕੁਮਾਰ, ਡਾ: ਨਰਿੰਦਰ ਕੁਮਾਰ, ਪ੍ਰਿੰਸ ਕੌਸ਼ਿਕ, ਡਾ: ਹਰੀ ਸ਼ਰਮਾ, ਭੁਪਿੰਦਰ ਸਿੰਘ, ਨਸੀਬ ਕੁਮਾਰ, ਪੰਕਜ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਸੇਂਟ ਕਾਰਮਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਰੂਪਨਗਰ, (ਹੁੰਦਲ)-ਸੇਂਟ ਕਾਰਮਲ ਸਕੂਲ, ਰੂਪਨਗਰ ਵਿਚ ਗਣਤੰਤਰ ਦਿਵਸ ਦੇ ਮੌਕੇ 'ਤੇ ਸਕੂਲ ਦੇ ਪੈਟਰਨ ਅਮਰਜੀਤ ਸਿੰਘ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਨੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਇਨਸਾਨੀਅਤ ਦੇ ਨਾਤੇ ਦੇਸ਼ ਦੀ ਸੱਚੀ ਸੇਵਾ ਕਰਨ ਲਈ ਪ੍ਰੇਰਿਆ। ਇਹ ਦਿਵਸ 'ਤੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਗੀਤ ਗਾ ਕੇ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਮਨਾਇਆ ਗਿਆ। ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਪੂਨਮ ਡੋਗਰਾ, ਪ੍ਰਿੰਸੀਪਲ ਸ੍ਰੀਮਤੀ ਪੂਜਾ ਜੈਨ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਇਸ ਮੌਕੇ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਰਾਸ਼ਟਰੀ ਗੀਤ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਲੱਡੂ ਵੰਡੇ ਗਏ।
ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਗਣਤੰਤਰ ਦਿਵਸ ਮਨਾਇਆ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਗਣਤੰਤਰ ਦਿਵਸ ਦੀ ਸ਼ੁਰੂਆਤ ਸਕੂਲ ਮੁਖੀ ਯੋਗਿਤਾ ਰਾਵਲ, ਜੀਵਨ ਸਿੰਘ ਤੇ ਸੁਖਪਾਲ ਸਿੰਘ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਯੋਗਿਤਾ ਰਾਵਲ ਨੇ ਦੱਸਿਆ ਕਿ ਵਿਦਿਆਰਥੀਆਂ ਦੁਆਰਾ ਵਿਦਿਆਰਥਣ ਅਰਸ਼ਪ੍ਰੀਤ ਕੌਰ ਦੀ ਅਗਵਾਈ ਹੇਠ ਮਾਰਚ ਪਾਸਟ ਰਾਹੀਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮੌਕੇ ਲੇਜ਼ੀਅਮ ਤੇ ਡੰਬਲ ਦੀਆਂ ਵੱਖ-ਵੱਖ ਅਕ੍ਰਿਤੀਆਂ ਪੇਸ਼ ਕੀਤੀਆਂ। ਸਕੇਟਿੰਗ ਦੇ ਵੱਖ-ਵੱਖ ਜੌਹਰ ਵਿਖਾਏ ਗਏ। ਵਿਦਿਆਰਥੀਆਂ ਨੇ ਦੇਸ਼ਭਗਤੀ ਨਾਲ ਸਬੰਧਿਤ ਗੀਤ, ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਏਂਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਗਣਤੰਤਰ ਦਿਵਸ ਮਨਾਇਆ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਏਂਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿਗਣਤੰਤਰ ਦਿਵਸ ਸਬੰਧੀ ਕਰਵਾਏ ਸਮਾਰੋਹ ਵਿਚ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਭਾਸ਼ਣ, ਗੀਤ, ਕਵਿਤਾਵਾਂ ਪੇਸ਼ ਕੀਤੀਆਂ। ਉਹਨਾਂ ਦੱਸਿਆ ਕਿ ਦੂਜੀ ਕਲਾਸ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਰੋਲ ਪਲੇਅ 'ਡਾ. ਬੀ.ਆਰ. ਅੰਬੇਦਕਰ ਅਤੇ ਸਾਡੇ ਅਧਿਕਾਰ' ਖਿੱਚ ਦਾ ਕੇਂਦਰ ਰਿਹਾ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਭੰਗੜਾ ਵੀ ਪੇਸ਼ ਕੀਤਾ। ਕਿੰਡਰਗਾਰਡਨ ਦੇ ਵਿਦਿਆਰਥੀਆਂ ਨੇ ਰੰਗ ਬਿਰੰਗੀਆਂ ਕਲਾ ਕ੍ਰਿਤੀਆਂ ਪੇਸ਼ ਕੀਤੀਆਂ। ਉਹਨਾਂ ਦੱਸਿਆ ਕਿ ਸਕੂਲ ਦੇ ਗੀਤ ਸੰਗੀਤ ਅਧਿਆਪਕ ਮਨਦੀਪ ਕੌਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਨਿਰਦੇਸ਼ਕ ਯੂ.ਐੱਸ. ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਵਲੋਂ ਰਚਿਆ ਭਾਰਤ ਦਾ ਸੰਵੀਧਾਨ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਹਨਾਂ ਕਿਹਾ ਕਿ ਏਕਤਾ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨਾਲ ਹੀ ਇੱਕ ਮਜ਼ਬੂਤ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਸੰਭਵ ਹੈ।
ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋ ਲਹਿਰਾਇਆ ਤਿਰੰਗਾ ਝੰਡਾ
ਸ੍ਰੀ ਅਨੰਦਪੁਰ ਸਾਹਿਬ, (ਜੇ ਐਸ ਨਿੱਕੂਵਾਲ)-ਸਥਾਨਕ ਪੁੱਡਾ ਮਾਰਕੀਟ ਵਿਖੇ ਭਾਜਪਾ ਵਲੋਂ ਗਣਤੰਤਰ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸ਼ਰਮਾ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਤਿਰੰਗੇ ਦੀ ਸ਼ਾਨ ਅਤੇ ਦੇਸ਼ ਦੇ ਮਾਣ ਨੂੰ ਹੋਰ ਉੱਚਾ ਕਰਨ ਲਈ ਲਗਾਤਾਰ ਲੋਕ-ਪੱਖੀ ਨੀਤੀਆਂ ਲਾਗੂ ਕਰ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਅਠਵਾਲ ਨੇ ਵਲੋਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਜੜ ਤੋਂ ਖ਼ਤਮ ਕਰਨ ਦੀ ਲੋੜ ਹੈ। ਸਮਾਗਮ ਦੌਰਾਨ ਹਲਕਾ ਇੰਚਾਰਜ ਡਾਕਟਰ ਪਰਮਿੰਦਰ ਸ਼ਰਮਾ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਲੋਕ ਗਾਇਕ ਜਸਦੀਪ ਆਲਮ ਤੇ ਜਸਪਾਲ ਰਾਣਾ ਵਲੋਂ ਦੇਸ਼ ਭਗਤੀ ਦੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਡਾ. ਪਰਮਿੰਦਰ ਸ਼ਰਮਾ, ਮੰਡਲ ਪ੍ਰਧਾਨ ਰਤਨ ਧਨੇੜਾ, ਮੁਕੇਸ਼ ਨੱਢਾ, ਮੋਹਿਤ ਕੁਮਾਰ, ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਕੱਢੀ ਰੋਸ ਰੈਲੀ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਰਿੰਡਾ ਇਲਾਕੇ ਦੀ ਜਥੇਬੰਦੀ ਭਾਕਿਯੂ ਰਾਜੇਵਾਲ ਤੇ ਭਾਕਿਯੂ ਲੱਖੋਵਾਲ ਵਲੋਂ ਵੱਡੀ ਗਿਣਤੀ ਵਿਚ ਟਰੈਕਟਰਾਂ ਨਾਲ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿਚ ਟਰੈਕਟਰਾਂ 'ਤੇ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਖੰਡ ਮਿੱਲ ਮੋਰਿੰਡਾ ਵਿਚ ਕਿਸਾਨ ਆਗੂ ਤੇ ਵਰਕਰ ਆਪਣੇ ਟਰੈਕਟਰਾਂ ਸਮੇਤ ਇਕੱਠੇ ਹੋਏ ਤੇ ਜਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੈਲੀ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਕੀਤੀ। ਇਸ ਮੌਕੇ ਤੇ ਬੋਲਦਿਆਂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਟੇਢੇ ਤਰੀਕੇ ਨਾਲ ਆਪਣੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਜੋ ਬਿਜਲੀ ਬਿੱਲ ਅਤੇ ਸੀਡ ਬਿੱਲ ਬਣਾਏ ਹਨ, ਉਹ ਪੰਜਾਬ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਨੁਕਸਾਨਦੇਹ ਹੋਣਗੇ। ਇਸੇ ਲਈ ਸੰਯੁਕਤ ਕਿਸਾਨ ਮੋਰਚਾ ਇਹਨਾਂ ਬਿੱਲਾਂ ਦਾ ਜ਼ੋਰਦਾਰ ਵਿਰੋਧ ਕਰਦੀ ਹੈ। ਇਸ ਮੌਕੇ ਬਹਾਦਰ ਸਿੰਘ ਖੈਰਪੁਰ, ਹਰਬੰਸ ਸਿੰਘ ਦਤਾਰਪੁਰ, ਪਰਮਜੀਤ ਸਿੰਘ ਅਮਰਾਲੀ, ਰਣਜੀਤ ਸਿੰਘ ਕਲਾਰਾਂ, ਦਰਸ਼ਨ ਸਿੰਘ ਸਾਬਕਾ ਸਰਪੰਚ ਅਮਰਾਲੀ, ਜਗਪਾਲ ਸਿੰਘ, ਲਾਭ ਸਿੰਘ ਚਲਾਕੀ, ਜਸਵਿੰਦਰ ਸਿੰਘ ਢੰਗਰਾਲੀ, ਮਨਜੀਤ ਸਿੰਘ ਜੀਤ, ਨਿਰਭੈ ਸਿੰਘ, ਕਾਲਾ, ਗੁਰਤੇਜ ਸਿੰਘ ਖੈਰਪੁਰ, ਗੁਰਮੇਲ ਸਿੰਘ ਰੰਗੀ, ਅਵਤਾਰ ਸਿੰਘ ਸਰਹਾਣਾ, ਪਰਵਿੰਦਰ ਸਿੰਘ ਮੰਡਾਂ, ਸੁਖਦੀਪ ਸਿੰਘ ਭੰਗੂ, ਅਰਵਿੰਦਰ ਸਿੰਘ ਅਮਰਾਲੀ, ਕੁਲਵਿੰਦਰ ਸਿੰਘ, ਹਰਚਰਨ ਸਿੰਘ ਅਮਰਾਲੀ, ਨੰਬਰਦਾਰ ਰਣਧੀਰ ਸਿੰਘ ਮਾਜਰੀ, ਭੁਪਿੰਦਰ ਸਿੰਘ ਮੁੰਡੀਆਂ, ਜਗੀਰ ਸਿੰਘ ਵਜੀਦਪੁਰ, ਅਵਤਾਰ ਸਿੰਘ ਸਹੇੜੀ, ਕਰਨੈਲ ਸਿੰਘ ਡੂਮਛੇੜੀ, ਜਗੀਰ ਸਿੰਘ ਅਮਰਪੁਰ, ਮਹਿੰਦਰ ਸਿੰਘ ਰੌਣੀ, ਜਿੰਦੂ ਖੋਖਰ, ਨੇਤਰ ਸਿੰਘ ਰੌਣੀ, ਮਹਿੰਦਰ ਸਿੰਘ ਦੁੱਮਣਾ, ਸਤਨਾਮ ਸਿੰਘ ਰਤਨਗੜ੍ਹ, ਕੇਵਲ ਸਿੰਘ ਓਇੰਦ, ਜਗਤਾਰ ਸਿੰਘ ਖੈਰਪੁਰ, ਸੁਖਜੀਤ ਸਿੰਘ ਕੋਟਲੀ, ਗੁਰਜੀਤ ਸਿੰਘ, ਮਨਪ੍ਰੀਤ ਲੁਠੇੜੀ ਆਦਿ ਮੌਜੂਦ ਸਨ।
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੇ ਵਿਹੜੇ 'ਚ ਗਣਤੰਤਰ ਦਿਵਸ ਮਨਾਇਆ
ਰੂਪਨਗਰ ਤੋਂ ਗੁਰਪ੍ਰੀਤ ਸਿੰਘ ਹੁੰਦਲ ਅਨੁਸਾਰ-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਵਿਚ ਗਣਤੰਤਰ ਦਿਵਸ ਰਾਸ਼ਟਰੀ ਜਜ਼ਬੇ ਨਾਲ ਮਨਾਇਆ ਗਿਆ। ਸਮਾਗਮ ਵਿਚ ਚਾਂਸਲਰ ਐੱਨ.ਐੱਸ. ਰਿਆਤ ਮੁੱਖ ਮਹਿਮਾਨ ਰਹੇ। ਉਨ੍ਹਾਂ ਯੂਨੀਵਰਸਿਟੀ ਦੀ ਸੁਰੱਖਿਆ ਟੀਮ, ਵਿਦਿਆਰਥੀ ਟੁਕੜੀਆਂ, ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਵੱਖ-ਵੱਖ ਡਿਪਾਰਟਮੈਂਟਾਂ ਨਾਲ ਮਿਲ ਕੇ ਰਾਸ਼ਟਰੀ ਤਿਰੰਗਾ ਲਹਿਰਾਇਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ ਮੈਦਾਨ ਦਾ ਨਿਰੀਖਣ ਕੀਤਾ। ਪੂਰੇ ਇਕੱਠ ਨੇ ਮਾਣ ਨਾਲ ਰਾਸ਼ਟਰੀ ਗੀਤ ਗਾਇਆ। ਚਾਂਸਲਰ ਐੱਨ.ਐੱਸ. ਰਿਆਤ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਤੇ ਜ਼ੋਰ ਦਿੱਤਾ। ਵਾਈਸ ਚਾਂਸਲਰ ਡਾ. ਏ.ਐੱਸ. ਚਾਵਲਾ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਸਮਝਾਉਂਦਿਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਦੇਸ਼ਭਗਤੀ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਅਪੀਲ ਕੀਤੀ। ਜ਼ਿਲਾ ਪ੍ਰਸ਼ਾਸਨ ਵਲੋਂ ਨਸ਼ਾ ਵਿਰੋਧੀ ਮੁਹਿੰਮ ਅਤੇ ਐੱਨ.ਐੱਸ.ਐੱਸ. ਦੀਆਂ ਸ਼ਾਨਦਾਰ ਸੇਵਾਵਾਂ ਲਈ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੂੰ ਵਿਸ਼ੇਸ਼ ਸਨਮਾਨ ਅਤੇ ਸਰਟੀਫਿਕੇਟ ਭੀ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ਭਗਤੀ ਗੀਤ, ਕਵਿਤਾ, ਭਾਸ਼ਣ, ਭੰਗੜੇ ਅਤੇ ਹੋਰ ਰੰਗਾਰੰਗ ਪ੍ਰੋਗਰਾਮਾਂ ਰਾਹੀਂ ਸਮਾਰੋਹ ਨੂੰ ਚਾਰ ਚਾਂਦ ਲਾਏ। ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਮਮਾਨ ਪੱਤਰ ਦਿੱਤੇ ਗਏ। ਇਸ ਮੌਕੇ ਮਿਠਾਈਆਂ ਵੰਡੀਆਂ ਗਈਆਂ ਅਤੇ ਕੈਂਪਸ ਵਿਚ ਦੇਸ਼ ਭਗਤੀ ਦਾ ਜੀਵੰਤ ਮਾਹੌਲ ਬਣਿਆ ਰਿਹਾ। ਸੀਨੀਅਰ ਅਧਿਕਾਰੀਆਂ, ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਨਾਲ ਸਮਾਰੋਹ ਬਹੁਤ ਹੀ ਯਾਦਗਾਰ ਬਣਿਆ।
ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਸਬ ਡਵੀਜ਼ਨ ਪੱਧਰ ਦਾ ਗਣਤੰਤਰ ਦਿਵਸ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸਥਾਨਕ ਅਨਾਜ ਵਿਚ ਸਬ ਡਵੀਜਨ ਪੱਧਰ ਤੇ ਦੇਸ਼ ਦਾ ਗਣਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਮਰੀਕ ਸਿੰਘ ਸਿੱਧੂ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਨੇ ਅਦਾ ਕੀਤੀ ਅਤੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ ਅਤੇ ਪਰੇਡ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਉਨਾਂ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਪ੍ਰਵਾਨਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਨਾਂ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਨਾਲ ਹੀ ਸਾਡੇ ਅੰਦਰ ਦੇਸ਼ ਭਗਤੀ ਦਾ ਜਜਬਾ ਪੈਦਾ ਹੁੰਦਾ ਹੈ। ਉਨਾਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਸੂਬਾ ਬੜੀ ਤੇਜੀ ਨਾਲ ਵਿਕਾਸ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਬਦ, ਦੇਸ਼ ਭਗਤੀ ਦੇ ਗੀਤ, ਕੋਰਿਓਗ੍ਰਾਫੀ, ਪੀ. ਟੀ. ਸ਼ੋਅ ਪੇਸ਼ ਕੀਤੇ ਗਏ। ਇਸ ਮੌਕੇ ਉਨਾਂ ਵੱਖ ਵੱਖ ਸਰਕਾਰੀ ਦਫ਼ਤਰਾਂ ਵਿਚ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਡੀ.ਐੱਸ.ਪੀ. ਮਨਜੀਤ ਸਿੰਘ ਔਲਖ, ਥਾਣਾ ਮੁਖੀ ਸਬ ਇੰਸਪੈਕਟਰ ਰਾਜਿੰਦਰ ਕੁਮਾਰ, ਬੀ. ਡੀ.ਪੀ.ਓ. ਅਜੈਬ ਸਿੰਘ, ਐੱਸ.ਐੱਮ.ਓ. ਡਾ. ਗੋਬਿੰਦ ਟੰਡਨ, ਡਾ: ਇਸ਼ੂ ਕੌੜਾ ਮੈਡੀਕਲ ਅਫ਼ਸਰ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ, ਪ੍ਰੋ. ਆਰ.ਸੀ. ਢੰਡ ਚੇਅਰਮੈਨ ਐੱਸ.ਅੱੈਸ. ਮੈਮੋਰੀਅਲ ਅੂਜੂਕੇਸ਼ਨਲ ਸੁਸਾਇਟੀ, ਸਮਸ਼ੇਰ ਸਿੰਘ ਮੰਗੀ, ਸਮੇਤ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀ, ਅਧਿਆਪਕਾਂ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ।
ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਦਫ਼ਤਰ 'ਚ ਮਨਾਇਆ ਗਣਤੰਤਰ ਦਿਵਸ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਦਫ਼ਤਰ ਵਿਚ ਅੱਜ ਦੇਸ਼ ਦਾ 77ਵਾਂ ਗਣਤੰਤਰ ਦਿਹਾੜਾ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਨੇ ਕੌਮੀ ਝੰਡਾਂ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਕੌਮੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਏ. ਐਸ. ਆਈ. ਬੂਟਾ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਵੀ ਦਿੱਤੀ। ਇਸ ਦੌਰਾਨ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਵੀ ਕੀਤਾ। ਜਿਨ੍ਹਾਂ ਨੂੰ ਕੌਸ਼ਲ ਦੇ ਪ੍ਰਧਾਨ ਅਤੇ ਪਤਵੰਤਿਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਵਧੀਆ ਕਾਰਗੁਜਾਰੀ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਇਸ ਸਮਾਰੋਹ ਵਿਚ ਥਾਣਾ ਮੁਖੀ ਰਾਜਿੰਦਰ ਕੁਮਾਰ, ਈ.ਓ, ਕੌਂਸਲਰ ਇੰਦਰਪ੍ਰੀਤ ਸਿੰਘ ਲਾਲੀ ਤੇ ਬਲਵਿੰਦਰ ਸਿੰਘ ਬਿੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਲਖਣ ਸਿੰਘ ਖੋਖਰ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਅਰਮਾਨ ਲਹਿਲ, ਤਜਿੰਦਰ ਸਿੰਘ,ਹਰਜੀਤ ਸਿੰਘ, ਸਾਬਕਾ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਨੰਬਰਦਾਰ ਜਸਵੀਰ ਸਿੰਘ ਜਟਾਣਾ,ਦਰਸਨ ਵਰਮਾ,ਗੁਰਚਰਨ ਸਿੰਘ ਮਾਣੇਮਾਜਰਾ, ਸਾਬਕਾ ਐਮ.ਸੀ. ਰਾਜਿੰਦਰ ਸਿੰਘ ਮਿਸਤਰੀ, ਹਰਵਿੰਦਰ ਸਿੰਘ ਖਾਨਪੁਰ, ਸੁਖਜਿੰਦਰ ਸਿੰਘ ਸੋਨਾ ਮਾਣੇਮਾਜਰਾ, ਤਰਨਜੀਤ ਸਿੰਘ ਪਿਪਲਮਾਜਰਾ, ਜੱਸੀ ਮਾਣੇਮਾਜਰਾ, ਮਲਕੀਤ ਸਿੰਘ ਤੁੰਗ, ਸੁਖਜਿੰਦਰ ਸਿੰਘ ਮਿੱਠੂ ਸੈਦਪੁਰ, ਹਰਜੀਤ ਸਿੰਘ ਸੈਦਪੁਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
ਸ੍ਰੀ ਚਮਕੌਰ ਸਾਹਿਬ ਦੇ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਲਿਆ ਗਣਤੰਤਰ ਦਿਵਸ ਮੌਕੇ ਸਨਮਾਨ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਮਨਾਏ ਦੇਸ਼ ਦੇ ਗਣਤੰਤਰ ਦਿਵਸ ਸਮਾਰੋਹ ਦੌਰਾਨ ਜਿਉਂ ਹੀ ਮੰਚ ਤੋਂ ਸਨਮਾਨ ਦੇਣ ਲਈ ਆਜ਼ਾਦੀ ਘੁਲਾਟੀਆਂ ਦੇ ਨਾਮ ਬੋਲਣੇ ਸ਼ੁਰੂ ਕੀਤੇ ਤਾਂ ਪੰਡਾਲ ਵਿਚ ਬੈਠੇ ਕੁੱਝ ਆਜ਼ਾਦੀ ਘੁਲਾਟੀਏ ਅਤੇ ਉਨਾਂ ਦੇ ਵਾਰਸ ਸਨਮਾਨ ਲਏ ਬਿਨਾਂ ਸ਼ਾਂਤੀ ਪੂਰਵਕ ਢੰਗ ਨਾਲ ਬਾਈਕਾਟ ਕਰਕੇ ਪੰਡਾਲ ਚੋਂ ਬਾਹਰ ਚਲੇ ਗਏ। ਫਰੀਡਮ ਫਾਈਟਰ ਉੱਤਰ ਅਧਿਕਾਰੀ ਸੰਸਥਾ ਦੇ ਜ਼ਿਲ੍ਹਾ ਜ/ਸ ਹਰਦਿਆਲ ਸਿੰਘ ਸਲੇਮਪੁਰ ਨੇ ਕਿਹਾ ਕਿ ਅੱਜ ਭਾਵੇਂ ਕੌਮੀ ਦਿਹਾੜਾ ਹੈ, ਪਰ ਅਜਿਹੇ ਮੌਕੇ ਭਰੇ ਮਨ ਨਾਲ ਉਨ੍ਹਾਂ ਇਸ ਸਮਾਰੋਹ ਦਾ ਬਾਈਕਾਟ ਕੀਤਾ ਹੈ। ਉਨਾਂ ਦੱਸਿਆ ਫਰੀਡਮ ਫਾਈਟਰ ਉੱਤਰ ਅਧਿਕਾਰੀ ਸੰਸਥਾ ਪੰਜਾਬ ਦੇ ਸੱਦੇ ਤੇ ਇਹ ਸਾਂਤਮਈ ਢੰਗ ਨਾਲ ਆਪਣਾ ਰੋਸ ਜਤਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਕਾਰ ਦੇ ਚਾਰ ਸਾਲ ਬੀਤ ਜਾਣ ਉਪਰੰਤ ਵੀ ਫਰੀਡਮ ਫਾਈਟਰ ਉੱਤਰ ਅਧਿਕਾਰੀ ਸੰਸਥਾ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਉਪਰੰਤ ਵੀ ਕੋਈ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਸਬੰਧ ਵਿਚ ਪਿਛਲੇ ਦਿਨੀ ਸੰਗਰੂਰ ਵਿਖੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਭਾਵੇਂ ਗਣਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਵਲੋਂ ਚਿੱਠੀ ਲਿਖ ਕੇ 28 ਜਨਵਰੀ ਨੂੰ ਮੀਟਿੰਗ ਨਿਸਚਿਤ ਕੀਤੀ ਗਈ ਹੈ,ਪਰ ਉਨ੍ਹਾਂ ਨੂੰ ਇਹ ਉਮੀਦ ਬਹੁਤ ਹੀ ਘੱਟ ਹੈ ਕਿ ਮੀਟਿੰਗ ਹੋਵੇਗੀ ਜਾਂ ਨਹੀ। ਉਨ੍ਹਾਂ ਦੱਸਿਆ ਕਿ ਦੇਸ਼ 1947 ਵਿਚ ਆਜ਼ਾਦ ਹੋਇਆ ਸੀ ਪ੍ਰੰਤੂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਰਬਾਨੀਆਂ ਦੇਣ ਵਾਲੇ ਫਾਂਸੀ ਦੇ ਰੱਸੇ ਚੁੰਮਣ ਵਾਲੇ, ਜੇਲਾ ਕੱਟਣ ਵਾਲੇ ਅਤੇ ਤਸੀਹੇ ਝੱਲਣ ਵਾਲਿਆਂ ਦੇ ਪਰਿਵਾਰ ਅੱਜ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਰੁਲ ਰਹੇ ਹਨ। ਗੂੰਗੀ, ਅੰਨੀ ਅਤੇ ਬੋਲੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਦਾ ਸੂਬੇ ਵਿਚ ਅਜਿਹਾ ਮੰਦਾ ਹਾਲ ਹੈ ਤਾਂ ਆਮ ਜਨਤਾ ਦਾ ਕੀ ਹੁੰਦਾ ਹੋਵੇਗਾ। ਇਸ ਮੌਕੇ ਸ੍ਰੀ ਚਮਕੌਰ ਸਾਹਿਬ ਵਜੀਦਪੁਰ ਅਤੇ ਸਲੇਮਪੁਰ ਆਦਿ ਤੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਹਾਜ਼ਰ ਸਨ।
ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਗਣਤੰਤਰ ਦਿਵਸ ਮਨਾਇਆ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਨਜਦੀਕੀ ਪਿੰਡ ਸੰਧੂਆਂ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰਤਨਪਾਲ ਗੁਪਤਾ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਸ਼ਾਨਦਾਰ ਪਰੇਡ ਤੋਂ ਬਾਅਦ, ਸਕੂਲ ਦੇ ਸੰਗੀਤ ਅਧਿਆਪਕ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਦੇਸ਼ ਭਗਤੀ ਦੇ ਗੀਤ, ਮਹਾਰਾਸ਼ਟਰ ਰਾਜ ਨਾਚ (ਗੋਂਡਲ), ਪੰਜਾਬ ਦਾ ਗਿੱਧਾ, ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਕੇ ਕੇ ਸੂਦ, ਲੈਫਟੀਨੈਂਟ ਸ਼ਾਲਿਨੀ ਨੇਗੀ, ਹਰਦੀਪ ਸਿੰਘ, ਸ੍ਰੀਮਤੀ ਹੰਸਿਕਾ, ਸ੍ਰੀਮਤੀ ਉੱਨਤੀ ਸ਼ਰਮਾ ਅਤੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਬੱਚੇ ਮੌਜੂਦ ਸਨ।
ਪਿਪਸ ਸ੍ਰੀ ਚਮਕੌਰ ਸਾਹਿਬ ਵਿਖੇ ਗਣਤੰਤਰ ਦਿਵਸ ਮਨਾਇਆ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ-ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ੍ਰੀ ਚਮਕੌਰ ਸਾਹਿਬ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਦਿਵਸ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਅਟਵਾਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਇਸ ਦੌਰਾਨ ਸਕੂਲ ਦੇ ਐਨ ਸੀ ਸੀ ਕੈਡਿਟ ਦੁਆਰਾ ਬਹੁਤ ਹੀ ਸ਼ਾਨਦਾਰ ਮਾਰਚ ਪਾਸ ਕੀਤਾ ਗਿਆ। ਸਮਾਗਮ ਦੌਰਾਨ ਸੰਸਥਾਂ ਦੇ ਐਮ ਡੀ ਸ੍ਰੀਮਤੀ ਸਿੰਦਰਪਾਲ ਕੌਰ ਅਟਵਾਲ, ਮੈਨੇਜਰ ਮੈਡਮ ਪ੍ਰੀਤਪਾਲ ਕੌਰ ਅਟਵਾਲ ਅਤੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਵੱਖ -ਵੱਖ ਪਹਿਰਾਵੇ ਵਿਚ ਦੇਸ਼ ਭਗਤਾਂ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀ ਅਤੇ ਦੇਸ਼ ਭਗਤੀ ਨਾਲ ਸਬੰਧੀ ਸਕਿੱਟਾਂ ਪੇਸ਼ ਕਰਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ ਗਿਆ। ਸਮਾਰੋਹ ਦੇ ਅੰਤ ਵਿਚ ਵਾਈਸ ਪ੍ਰਿੰਸੀਪਲ ਮਨਦੀਪ ਕੌਰ ਮਾਹਲ ਵਲੋਂ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਜ਼ਿਲ੍ਹਾ ਕਾਂਗਰਸ ਭਵਨ ਵਿਖੇ ਤਿਰੰਗਾ ਝੰਡਾ ਲਹਿਰਾਇਆਂ
ਰੂਪਨਗਰ, (ਗੁਰਪ੍ਰੀਤ ਸਿੰਘ ਹੁੰਦਲ)-ਗਣਤੰਤਰ ਦੀ 77 ਵੀ ਵਰ੍ਹੇਗੰਢ 'ਤੇ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਜਿੱਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਅਤੇ ਦੇਸ਼ ਦੀ ਆਜ਼ਾਦੀ ਵਿਚ ਸ਼ਹੀਦ ਹੋਏ ਸ਼ਹੀਦਾਂ ਅਤੇ ਸਵਤੰਤਰ ਸੈਨਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬਾਬਾ ਭੀਮ ਰਾਓ ਅੰਬੇਡਕਰ ਵਲੋ ਸੰਵਿਧਾਨ ਬਣਾਉਣ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ । ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸੰਵਿਧਾਨ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਅਧੀਨ ਕੰਮ ਕੀਤੇ ਹਨ ਅਤੇ ਉਸ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਪਰ ਅੱਜ ਦੇ ਹਾਲਤ ਇਸ ਤੋਂ ਉਲਟ ਹਨ ਹਰ ਸੰਵਿਧਾਨਿਕ ਸੰਸਥਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਇਸ ਹੋ ਰਹੇ ਧੱਕੇ ਦੇ ਖ਼ਿਲਾਫ਼ ਡਟ ਕੇ ਖੜ੍ਹੀ ਹੈ ਅਤੇ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀ ਰਾਖੀ ਲਈ ਹਰ ਲੜਾਈ ਲੜੇਗੀ । ਇਸ ਮੌਕੇ ਸੁੱਖਵਿੰਦਰ ਸਿੰਘ ਵਿਸਕੀ ਸਾਬਕਾ ਪ੍ਰਧਾਨ, ਰਾਜੇਸ਼ਵਰ ਲਾਲੀ, ਕੌਂਸਲਰ ਮਦਨ ਗੁਪਤਾ, ਆਸਿਫ਼ ਪ੍ਰਧਾਨ ਮਾਈਨਿਓਰੀਟੀ ਸੈੱਲ, ਮਿੰਟੂ ਸਰਾਫ ਸਿਟੀ ਪ੍ਰਧਾਨ, ਲਖਵੰਤ ਹਿਰਦਾਪੁਰ, ਅਵਨੀਸ਼ ਮੋਦਗਿਲ, ਡਾਕਟਰ ਮਨਜੀਤ ਸਿੰਘ,ਰਾਣਾ ਰਵਨੀਤ ਕੰਗ, ਜਗਮੋਹਨ ਸਰਪੰਚ, ਰਾਜਿੰਦਰ ਭੰਵਰਾ, ਦੀਪਕ ਪੁਰਖਾਲੀ, ਵਿਵੇਕ ਬੈਂਸ ਵਾਈਸ ਪ੍ਰਧਾਨ ਯੂਥ ਕਾਂਗਰਸ, ਹਰਵਿੰਦਰ ਪਪਰਾਲਾ, ਬਹਾਦਰ ਸਿੰਘ ਝੱਜ, ਅਸ਼ੋਕ ਦਾਰਾ, ਸੁਰਿੰਦਰ ਰਾਣਾ ਮਕਾਰੀ, ਰਾਜਿੰਦਰ ਭੰਵਰਾ, ਹਰਮੀਤ ਸਿੰਘ,ਇਸ਼ਪ੍ਰੀਤ, ਗੁਰਦੀਪ ਸਿੰਘ, ਦੀਪਕ ਧੀਮਾਨ, ਰਿਸ਼ ਬਾਬੂ ਅਤੇ ਭੁਪਿੰਦਰ ਸਿੰਘ ਆਫ਼ਿਸ ਇੰਚਾਰਜ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਕੁਲਵੰਤ ਸਿੰਘ ਸਰਪੰਚ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਖਮਾਣੋਂ ਵਿਖੇ ਗਣਤੰਤਰ ਦਿਵਸ ਮੌਕੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੇ ਸਮਾਗਮ ਦੌਰਾਨ ਸਨਮਾਨ ਲੈਣ ਤੋਂ ਕੀਤਾ ਇਨਕਾਰ
Ad Position 24