ਬੇਲਾ, 24 ਫਰਵਰੀ (ਮਨਜੀਤ ਸਿੰਘ ਸੈਣੀ)-ਪਿਛਲੇ ਸਾਲ ਹੜ੍ਹਾਂ ਦੌਰਾਨ ਪਿੰਡ ਦਾਊਦਪੁਰ ਅਤੇ ਫੱਸਿਆਂ ਵਿਖੇ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਸੀ ਵੱਖ-ਵੱਖ ਜ਼ਿਲਿ੍ਹਆਂ ਦੇ ਲੋਕਾਂ ਨੇ ਕਾਫ਼ੀ ਮਸ਼ੱਕਤ ਨਾਲ ਬੰਨ੍ਹ ਟੁੱਟਣ ਤੋਂ ਬਚਾਇਆ ਸੀ ਪ੍ਰੰਤੂ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਵਲੋਂ ਬੰਨ੍ਹ ਦੀ ਮੁਰੰਮਤ ਲਈ ਇੱਕ ਵੀ ਪੱਥਰ ਨਹੀਂ ਲਗਾਇਆ, ਜਿਸ ਲਈ ਨੇੜਲੇ ਪਿੰਡਾਂ ਦੇ ਲੋਕ ਫ਼ਿਕਰਮੰਦ ਹਨ ਕਿ ਤਿੰਨ ਚਾਰ ਮਹੀਨਿਆਂ ਬਾਅਦ ਫੇਰ ਬਰਸਾਤਾਂ ਆਉਣ ਵਾਲੀਆਂ ਹਨ ਬੰਨ੍ਹਾਂ ਦੀ ਜੋ ਇਸ ਮੌਕੇ ਹਾਲਾਤ ਹਨ ਦਰਿਆ ਵਿਚ ਥੋੜ੍ਹਾ ਜਿਹਾ ਪਾਣੀ ਆਉਣ ਤੋਂ ਬਾਅਦ ਹੀ ਬੰਨ੍ਹ ਟੁੱਟ ਸਕਦੇ ਹਨ | ਇਸ ਲਈ ਇਲਾਕੇ ਦੇ ਪਤਵੰਤਿਆਂ ਵੱਲ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਮਸਲਾ ਉਜਾਗਰ ਕੀਤਾ ਸੀ ਜਿਸ ਕਰਕੇ ਵਿਭਾਗ ਦੇ ਚੀਫ (ਡਿਜਾਇਨ) ਸੁਖਜੀਤ ਸਿੰਘ ਭੁੱਲਰ ਨੇ ਸਤਲੁਜ ਦਰਿਆ ਦੀ ਬੁਰਜੀ ਨੰਬਰ 23 ਦਾਊਦਪੁਰ ਦਾ ਦੌਰਾ ਕੀਤਾ ਉਨ੍ਹਾਂ ਦੇ ਨਾਲ , ਐਕਸੀਅਨ ਸੰਦੀਪ ਸਿੰਘ ਮਾਂਗਟ, ਮਨਿੰਦਰ ਸਿੰਘ, ਐੱਸ.ਡੀ.ਓ. ਨਿਸ਼ਾਂਤ ਗਰਗ, ਜੇ ਈ ਮਨਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਚੀਫ਼ ਸ. ਭੁੱਲਰ ਨੇ ਕਿਹਾ ਕਿ ਨੁਕਸਾਨੇ ਬੰਨ੍ਹਾਂ ਅਤੇ ਠੋਕਰਾਂ ਦੀ ਮੁਰੰਮਤ ਦਾ ਜਲਦੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਗੀਰ ਸਿੰਘ ਬਜੀਦਪੁਰ ਨੇ ਅਧਿਕਾਰੀਆਂ ਨੂੰ ਹਾਲਾਤ ਤੋਂ ਜਾਣੂ ਕਰਾਉਂਦਿਆਂ ਬਰਸਾਤ ਤੋਂ ਪਹਿਲਾਂ ਪਹਿਲਾਂ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਜਿਸ ਤੇ ਭੁੱਲਰ ਨੇ ਵਿਸ਼ਵਾਸ ਦਿਵਾਇਆ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਨੁਕਸਾਨੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂ ਲਖਵੀਰ ਸਿੰਘ ਲੱਖੀਂ ਨੇ ਮਾਈਨਿੰਗ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੂੰ ਦੱਸਿਆ ਕਿ ਬੀਤੀ ਰਾਤ ਨੇੜਲੇ ਪਿੰਡ ਲੱਖੇਵਾਲ ਵਿਖੇ ਗੈਰ ਕਾਨੂੰਨੀ ਰੇਤ ਨਿਕਾਸੀ ਕਰਦੇ ਟਿੱਪਰ, ਟਰੈਕਟਰ ਫੜਾਏ ਸਨ ਪ੍ਰੰਤੂ ਪੁਲਿਸ ਵਲੋਂ ਨਵਾਂ ਸ਼ਹਿਰ ਦਫ਼ਤਰ ਦੇ ਅਧਿਕਾਰੀਆਂ ਦੇ ਕਹਿਣ ਤੇ ਛੱਡ ਦਿੱਤੇ ਗਏ ਕਿ ਟਿੱਪਰ ਅਤੇ ਟਰੈਕਟਰ ਵਾਲਿਆਂ ਕੋਲ ਮਨਜ਼ੂਰ ਸ਼ੁਦਾ ਖੱਡ ਦੀਆਂ ਰਸੀਦਾਂ ਹਨ ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਟਿੱਪਰ, ਟਰੈਕਟਰ ਪੁਲਿਸ ਚੌਂਕੀ ਬੇਲਾ ਅਧੀਨ ਆਉਂਦੇ ਪਿੰਡ ਫ਼ਰੀਦ ਅਤੇ ਲੱਖੇਵਾਲ ਕੋਲੋਂ ਫੜੇ ਗਏ ਫੇਰ ਨਵਾਂ ਸ਼ਹਿਰ ਦੇ ਅਧਿਕਾਰੀਆਂ ਦੇ ਕਹਿਣ ਤੇ ਕਿਹੜੇ ਕਾਨੂੰਨ ਅਨੁਸਾਰ ਛੱਡੇ ਗਏ ਮਾਨਯੋਗ ਅਦਾਲਤ ਐਨ ਜੀ ਟੀ ਵਲੋਂ ਪੂਰੇ ਪੰਜਾਬ ਵਿਚ ਰੇਤ ਨਿਕਾਸੀ ਤੇ ਪਾਬੰਦੀ ਹੈ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਵਲੋਂ ਅਦਾਲਤ ਦੇ ਹੁਕਮਾਂ ਨੂੰ ਵੀ ਟਿੱਚ ਸਮਝਿਆ ਜਾ ਰਿਹਾ ਹੈ ਇਸ ਦੀ ਜਾਂਚ ਕੀਤੀ ਜਾਵੇ ਤਾਂ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ | ਇਸ ਮੌਕੇ ਚਰਨਜੀਤ ਸਿੰਘ ਖੋਖਰ, ਪ੍ਰਧਾਨ ਜਗੀਰ ਸਿੰਘ ਬਜੀਦਪੁਰ, ਲਖਵੀਰ ਸਿੰਘ ਲੱਖੀ, ਲਹਿੰਬਰ ਸਿੰਘ, ਮਨਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ |