ਰੂਪਨਗਰ, 24 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਅਦਿੱਤਿਆ ਡੇਚਲਵਾਲ, ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਜ਼ਿਲ੍ਹੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ | ਇਹ ਹੁਕਮ 23 ਅਪ੍ਰੈਲ 2026 ਤੱਕ ਪ੍ਰਭਾਵੀ ਰਹਿਣਗੇ | ਜਾਰੀ ਹੁਕਮਾਂ ਅਨੁਸਾਰ ਉਲਾਈਵ ਹਰੇ (ਮਿਲਟਰੀ) ਰੰਗ ਦੀਆਂ ਗੱਡੀਆਂ ਦੀ ਵਰਤੋਂ, ਚਾਈਨਾ ਡੋਰ ਦੀ ਖਰੀਦ-ਫਰੋਖ਼ਤ ਅਤੇ ਵਰਤੋਂ, ਸੜਕਾਂ ਕਿਨਾਰੇ ਪਸ਼ੂ ਚਰਾਉਣ, ਟਰੈਕਟਰ/ਮੋਟਰਸਾਈਕਲ ਸਟੰਟ, ਮੈਰਿਜ ਪੈਲਸਾਂ ਵਿਚ ਹਥਿਆਰ ਲੈ ਜਾਣ ਅਤੇ ਹਵਾਈ ਫਾਇਰ ਕਰਨ 'ਤੇ ਪਾਬੰਦੀ ਲਗਾਈ ਗਈ ਹੈ | ਜਨਤਕ ਸਥਾਨਾਂ 'ਤੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠ, ਰੈਲੀਆਂ ਅਤੇ ਧਰਨਿਆਂ ਲਈ ਪਹਿਲਾਂ ਤੋਂ ਮਨਜ਼ੂਰੀ ਲਾਜ਼ਮੀ ਹੋਵੇਗੀ | ਇਸ ਤੋਂ ਇਲਾਵਾ ਪ੍ਰੀਗਾਬਾਲਿਨ 300 ਐਮ.ਜੀ. ਦੀ ਬਿਨਾਂ ਲਾਇਸੰਸ ਵਿਕਰੀ 'ਤੇ ਰੋਕ, ਹੁੱਕਾ ਬਾਰਾਂ ਦੇ ਸੰਚਾਲਨ 'ਤੇ ਪਾਬੰਦੀ, ਨਕਲੀ ਜਾਂ ਅਣਅਧਿਕਾਰਤ ਸੀਮਨ ਦੀ ਵਿਕਰੀ 'ਤੇ ਰੋਕ ਅਤੇ ਪਲਾਸਟਿਕ ਲਿਫਾਫਿਆਂ ਦੀ ਬਣਾਉਟ/ਵਰਤੋਂ 'ਤੇ ਪਾਬੰਦੀ ਜਾਰੀ ਕੀਤੀ ਗਈ ਹੈ | ਸਾਈਕਲ, ਰਿਕਸ਼ਾ ਤੇ ਟਰੈਕਟਰ-ਟਰਾਲੀ ਆਦਿ 'ਤੇ ਰਿਫਲੈਕਟਰ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ | ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨੰਗਲ ਅਤੇ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ 500 ਮੀਟਰ ਦਾਇਰੇ ਨੂੰ ''ਨੋ ਡਰੋਨ ਜ਼ੋਨ'' ਘੋਸ਼ਿਤ ਕੀਤਾ ਗਿਆ ਹੈ | ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਦੀ ਵਰਦੀ ਦੀ ਅਣਅਧਿਕਾਰਤ ਵਰਤੋਂ/ਵਿਕਰੀ 'ਤੇ ਵੀ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |