ਨੰਗਲ, 2 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਦੀ ਮਾਨਤਾ ਪ੍ਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਅਤੇ ਸਾਂਝਾ ਮੋਰਚਾ ਨੇ ਬੀ.ਬੀ.ਐਮ.ਬੀ. ਦੇ ਕਰਮਚਾਰੀਆਂ ਨਾਲ ਸੰਬੰਧਿਤ ਕੁੱਝ ਜ਼ਰੂਰੀ ਮਸਲਿਆਂ ਨੂੰ ਲੈ ਕੇ ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿ੍ਪਾਠੀ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਯੂਨੀਅਨ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਨੰਗਲ ਦੇ ਪੈਨਸ਼ਨ ਸੈਕਸ਼ਨ ਵਲੋਂ ਐਡਹਾਕ ਤਰੱਕੀ ਪ੍ਰਾਪਤ, ਸੇਵਾਮੁਕਤ ਅਤੇ ਜਲਦ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਪੈਨਸ਼ਨ ਕੇਸ ਤਰੱਕੀ ਰੈਗੂਲਰ ਨਾ ਹੋਣ ਦੇ ਕਾਰਨ ਸੈਟਲ ਨਹੀਂ ਕੀਤੇ ਜਾ ਰਹੇ | ਅਜਿਹੇ ਕਰਮਚਾਰੀਆਂ ਦੇ ਪੈਨਸ਼ਨ ਪੇਮੈਂਟ ਆਰਡਰ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਨਹੀਂ ਹੋ ਰਹੇ, ਜਿਸ ਕਾਰਨ ਉਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਹੋਰ ਸੇਵਾਮੁਕਤੀ ਲਾਭ | ਇਸ ਕਾਰਨ ਕਰਮਚਾਰੀਆਂ ਵਿਚ ਰੋਸ ਵੱਧ ਰਿਹਾ ਹੈ | ਯੂਨੀਅਨ ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਕੁੱਝ ਕਰਮਚਾਰੀਆਂ ਦੀ ਤਰੱਕੀ ਹਾਲੇ ਤੱਕ ਰੈਗੂਲਰ ਨਾ ਹੋਣ ਦੇ ਬਾਵਜੂਦ ਵੀ ਪੈਨਸ਼ਨ ਸੈਕਸ਼ਨ ਵਲੋਂ ਉਨ੍ਹਾਂ ਦੇ ਪੀ.ਪੀ.ਓ. ਅਤੇ ਹੋਰ ਵਿੱਤੀ ਲਾਭਾਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਯੂਨੀਅਨ ਨੇ ਇਸ ਦੋਹਰੇ ਮਾਪਦੰਡ ਦਾ ਕੜਾ ਵਿਰੋਧ ਕਰਦਿਆਂ ਕਿਹਾ ਕਿ ਇੱਕੋ ਜਿਹੇ ਕੇਸਾਂ ਵਿਚ ''ਪਿਕ ਐਂਡ ਚੂਜ਼'' ਨੀਤੀ ਕਬੂਲਯੋਗ ਨਹੀਂ ਹੈ | ਚੇਅਰਮੈਨ ਮਨੋਜ ਤਿ੍ਪਾਠੀ ਕੋਲ ਅਪੀਲ ਕੀਤੀ ਗਈ ਕਿ ਪਹਿਲਾਂ ਵਾਂਗ ਇਹਨਾਂ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ, ਨਹੀਂ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ | ਇਸ ਮੌਕੇ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਨੇ ਕਲਾਸ-ਚੌਥੀ ਤੋਂ ਤਰੱਕੀ ਪ੍ਰਾਪਤ ਲਿਪਿਕਾ ਦੀ ਤਰੱਕੀ ਨੂੰ ਰੈਗੂਲਰ ਕਰਨ ਦੀ ਮੰਗ ਵੀ ਰੱਖੀ | ਕਈ ਸਾਲਾਂ ਤੋਂ ਇਹ ਮਾਮਲਾ ਲੰਬਿਤ ਪਿਆ ਹੈ ਅਤੇ ਬੋਰਡ ਦਫ਼ਤਰ ਵਲੋਂ ਸਪੱਸ਼ਟ ਹੁਕਮ ਹੋਣ ਦੇ ਬਾਵਜੂਦ ਵੀ ਤਦਰਥ ਤਰੱਕੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ | ਚੇਅਰਮੈਨ ਨੇ ਦੋਵੇਂ ਮੰਗਾਂ ਦੀ ਗੰਭੀਰਤਾ ਨੂੰ ਦੇਖਦਿਆਂ ਵਿਸ਼ੇਸ਼ ਸਕੱਤਰ ਨੂੰ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ | ਸੋਧੇ ਹੋਏ ਵੇਤਨਮਾਨਾਂ ਦੇ ਐਰੀਅਰਾਂ ਦੀ ਅਦਾਇਗੀ ਸਬੰਧੀ ਹੁਕਮ ਜਲਦ ਜਾਰੀ ਹੋਣਗੇ ਅਤੇ ਘੱਟ ਤੋਂ ਘੱਟ ਕਿਸ਼ਤਾਂ ਵਿਚ ਭੁਗਤਾਨ ਕਰਨ 'ਤੇ ਸਹਿਮਤੀ ਬਣੀ | ਮੀਟਿੰਗ 'ਚ ਚੇਅਰਮੈਨ ਬੀ.ਬੀ.ਐਮ.ਬੀ. ਇੰਜੀਨੀਅਰ ਮਨੋਜ ਤਰਪਾਟੀ, ਵਿਸ਼ੇਸ਼ ਸਕੱਤਰ ਅਰੁਣ ਕੁਮਾਰ ਅਤੇ ਉਪ ਵਿੱਤੀ ਸਲਾਹਕਾਰ ਸ਼ਸ਼ੀ ਪਾਲ ਰਾਣਾ ਤੋਂ ਇਲਾਵਾ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਲਾਦੀ, ਇੰਟਕ ਸੂਬਾ ਜਨਰਲ ਸਕੱਤਰ ਇਕਬਾਲ ਸਿੰਘ ਮਿਨਹਾਸ, ਇੰਟਕ ਸਾਂਝਾ ਮੋਰਚਾ ਦੇ ਜਨਰਲ ਸਕੱਤਰ ਨਵੀਨ ਚੰਦਰ ਸ਼ਰਮਾ, ਸੀਨੀਅਰ ਵਾਈਸ ਪ੍ਰੈਸੀਡੈਂਟ ਪਰਮਜੀਤ ਸਿੰਘ ਰਾਣਾ ਅਤੇ ਸੁਸ਼ੀਲ ਸ਼ਰਮਾ ਆਦਿ ਹਾਜ਼ਰ ਸਨ |