ਨੂਰਪੁਰ ਬੇਦੀ, 2 ਮਾਰਚ (ਵਿੰਦਰਪਾਲ ਝਾਂਡੀਆਂ)-ਪੀ. ਡਬਲਿਯੂ ਡੀ .ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਦੀ ਬ੍ਰਾਂਚ ਵਲੋਂ ਜਲ ਸਪਲਾਈ ਦਫ਼ਤਰ ਨੂਰਪੁਰ ਬੇਦੀ ਵਿਖੇ ਜਲ ਸਪਲਾਈ ਵਿਭਾਗ ਦੇ ਮੁਖੀ ਮੁਹਾਲੀ ਵਲੋਂ 320 ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ 'ਚੋਂ ਕੱਢਣ ਦੇ ਜਾਰੀ ਕੀਤੇ ਫਰਮਾਨ ਦੇ ਵਿਰੋਧ ਵਿਚ 5 ਮਾਰਚ ਨੂੰ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਬਰਾਂਚ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਕੁਮਾਰ ਅਤੇ ਚੇਅਰਮੈਨ ਰਾਹੁਲ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਅਫਸਰ ਸ਼ਾਹੀ ਨੇ ਆਊਟਸੋਰਸ ਅਤੇ ਇਨਲਿਸਟਿਡ ਕਾਮੇ ਪੱਕੇ ਤਾਂ ਕੀ ਕਰਨੇ ਸੀ | ਸਗੋਂ ਉਹਨਾਂ ਨੂੰ ਵਿਭਾਗ 'ਚੋਂ ਬਾਹਰ ਕੱਢਣ ਦਾ ਪੱਤਰ ਜਾਰੀ ਕਰ ਦਿੱਤਾ | ਜਲ ਸਪਲਾਈ ਵਿਭਾਗ ਅਤੇ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਮੰਨਣ ਤੋਂ ਭੱਜ ਰਹੀ ਹੈ | ਜਿਵੇਂ ਕਿ ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ 30,000 ਰੁਪਏ ਤਨਖਾਹ ਲਾਗੂ ਨਾ ਕਰਨਾ, ਪੁਰਾਣੇ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, 20:30:50: ਲਾਗੂ ਨਹੀਂ ਕੀਤਾ ਜਾ ਰਿਹਾ, ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ, ਰਿਟਾਇਰ ਸਾਥੀਆਂ ਦੇ ਸਮੇਂ ਸਰ ਬਕਾਏ ਨਹੀਂ ਦਿੱਤੇ ਜਾ ਰਹੇ, ਦਰਜਾ ਚਾਰ ਮੁਲਾਜ਼ਮਾਂ ਜੋ ਟੈਸਟ ਪਾਸ ਹਨ, ਉਹਨਾਂ ਦੀ ਪ੍ਰਮੋਸ਼ਨ 'ਤੇ ਬੇਤੁਕੇ ਓਬਜੈਕਸ਼ਨ ਲਗਾਏ ਜਾ ਰਹੇ ਹਨ, ਪੁਰਾਣੇ ਬਣੇ ਜੂਨੀਅਰ ਇੰਜੀਨੀਅਰਾਂ ਨੂੰ ਰਿਵਰਲਟ ਕਰਨਾ, ਨਵੇਂ ਜੂਨੀਅਰ ਇੰਜੀਨੀਅਰ ਨਾ ਬਣਾਉਣਾ, ਰੂਲਾਂ ਵਿਚ ਸੋਧ ਨਾ ਕਰਨਾ, 16% ਡੀ.ਏ. ਨਾ ਦੇਣਾ, ਡਿਪਲੋਮਾ ਹੋਲਡਰ ਸਾਥੀਆਂ ਪਰ ਨਜਾਇਜ਼ ਕੇਸ ਬਣਾਉਣੇ ਅਤੇ ਕੱਟੇ ਹੋਏ ਭੱਤੇ ਬਹਾਲ ਨਾ ਕਰਨਾ ਆਦਿ ਮੰਗਾਂ ਨੂੰ ਲੈ ਕੇ ਜਲ ਸਪਲਾਈ ਦਫਤਰ ਦੇ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਲੁਭਾਇਆ ਦਿਵੇਦੀ ਖੇੜਾ ਕਮਲੋਟ, ਜਸਵਿੰਦਰ ਪਾਲ ਕਾਂਗੜ, ਧਰਮ ਸਿੰਘ, ਰਮੇਸ਼ ਕੁਮਾਰ ਸੋਨੂ, ਗਿਆਨ ਚੰਦ, ਓਾਕਾਰ ਸਿੰਘ, ਅਰਸ਼ਦੀਪ ਅਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |