ਮੋਰਿੰਡਾ, 2 ਮਾਰਚ (ਤਰਲੋਚਨ ਸਿੰਘ ਕੰਗ)- ਹੀਰਾ ਪਬਲਿਕ ਸਕੂਲ ਕਾਈਨੌਰ ਦੀਆਂ ਖਿਡਾਰਨਾਂ ਨੇ ਆਲ ਇੰਡੀਆ ਰੈਸਲਿੰਗ ਚੈਂਪੀਅਨਸ਼ਿਪ ਦੇ 15 ਸਾਲਾ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਹਰਸੋਹਣ ਸਿੰਘ ਭੰਗੂ ਨੇ ਦੱਸਿਆ ਕਿ ਇਹ ਮੁਕਾਬਲੇ ਤਾਮਿਲਨਾਡੂ ਦੇ ਜੋਹਿੰਦਰਾ ਸਪੋਰਟਸ ਅਕੈਡਮੀ ਵਿਖੇ ਕਰਵਾਏ ਗਏ ਸਨ | ਜਿਸ 'ਚ 25 ਰਾਜਾਂ ਦੇ ਲਗਭਗ 900 ਖਿਡਾਰੀਆਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਸਕੂਲ ਦੀ ਖਿਡਾਰਨ ਤਨਿਸ਼ਕਾ ਧਨਕਰ ਨੇ 15 ਸਾਲਾ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਿਲ ਕੀਤਾ | ਇਸ ਤੋਂ ਇਲਾਵਾ ਗੁਰਸ਼ਰਨ ਕੌਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਦੋਵਾਂ ਖਿਡਾਰਨਾਂ ਦੀ ਇਸ ਪ੍ਰਾਪਤੀ 'ਤੇ ਸਕੂਲ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਦੋਵਾਂ ਖਿਡਾਰਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸ੍ਰੀ ਭੰਗੂ ਨੇ ਕਿਹਾ ਕਿ ਤਨਿਸ਼ਕਾ ਧਨਕਰ ਅਤੇ ਗੁਰਸ਼ਰਨ ਕੌਰ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਤਨਿਸ਼ਕਾ ਧਨਕਰ ਹੁਣ ਜੁਲਾਈ ਵਿਚ ਥਾਈਲੈਂਡ 'ਚ ਹੋਣ ਵਾਲੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਜਸਵੀਰ ਕੌਰ, ਕੁਸ਼ਤੀ ਕੋਚ ਜੋਗਿੰਦਰ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ, ਸਕੂਲ ਮੈਨੇਜਰ ਮਨਜੀਤ ਕੌਰ ਭੰਗੂ, ਕੁਸ਼ਤੀ ਕੋਚ ਨੀਨਾ ਕੁਮਾਰੀ ਆਦਿ ਮੌਜੂਦ ਸਨ |