ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਕਰਨੈਲ ਸਿੰਘ/ਜੇ ਐਸ ਨਿੱਕੂਵਾਲ)- ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਕੀਤੀ ਗਈ ਹੋਲਾ ਮਹੱਲਾ ਮੌਕੇ ਵਿਸ਼ਾਲ ਕਾਨਫ਼ਰੰਸ ਦੌਰਾਨ ਪਾਰਟੀ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਇੱਕ ਗੱਡੀ ਵਿਚ ਸਵਾਰ ਹੋ ਕੇ ਕਾਨਫ਼ਰੰਸ ਵਾਲੀ ਥਾਂ 'ਤੇ ਪਹੁੰਚੇ | ਦੱਸਣਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਕਾਨਫ਼ਰੰਸ ਵਾਲੀ ਥਾਂ 'ਤੇ ਵੱਡੇ ਵੱਡੇ ਬੋਰਡ ਤਾਂ ਲੱਗੇ ਹੋਏ ਸੀ | ਪਰੰਤੂ ਉਨ੍ਹਾਂ ਦੀ ਆਮਦ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਾਫ਼ ਨਹੀਂ ਸੀ | ਇਸ ਤੋਂ ਬਿਨਾਂ ਕਾਨਫ਼ਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਿੱਥੇ ਵਿਦੇਸ਼ੀ ਸਿੱਖਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ, ਉੱਥੇ ਹੀ ਉਨ੍ਹਾਂ ਵਲੋਂ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਕਿਹਾ ਗਿਆ ਕਿ ਉਹ ਭਾਵੇਂ ਇਕੱਲੇ ਰਹਿ ਜਾਣ, ਪਰੰਤੂ ਸਿਧਾਂਤਾਂ 'ਤੇ ਹਮੇਸ਼ਾ ਪਹਿਰਾ ਦੇਣਗੇ | ਉਨ੍ਹਾਂ ਇਹ ਵੀ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ | ਕਿਉਂਕਿ ਕਿਸੇ ਵੀ ਦਿੱਲੀ ਤੋਂ ਚਲਾਈ ਜਾਣ ਵਾਲੀ ਪਾਰਟੀ ਨਾਲ ਪੰਜਾਬ ਦਾ ਭਲਾ ਨਹੀਂ ਹੋਵੇਗਾ |