ਰੂਪਨਗਰ, 3 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਵਲੋਂ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਯੋਗ ਅਗਵਾਈ ਹੇਠ, 25 ਫ਼ਰਵਰੀ ਤੋਂ 3 ਮਾਰਚ 2026 ਤੱਕ ਮਧੂ-ਮੱਖੀ ਪਾਲਣ ਸੰਬੰਧੀ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਸਿਖਲਾਈ ਪ੍ਰੋਗਰਾਮ ਵਿਚ ਕੁੱਲ 13 ਸਿੱਖਿਆਰਥੀਆਂ ਨੇ ਭਾਗ ਲਿਆ | ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਐਸੋਸੀਏਟ ਡਾਇਰੈਕਟਰ (ਟਰੇਨਿੰਗ) ਡਾ. ਸਤਬੀਰ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਮਧੂ-ਮੱਖੀ ਪਾਲਣ ਨੂੰ ਕਿਸਾਨਾਂ ਅਤੇ ਪਿੰਡਾਂ ਦੇ ਨੌਜਵਾਨਾਂ ਲਈ ਇੱਕ ਲਾਭਕਾਰੀ ਅਤੇ ਟਿਕਾਊ ਸਵੈ-ਰੋਜ਼ਗਾਰ ਦੇ ਰੂਪ ਵਿਚ ਅਪਣਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਅਸਿਸਟੈਂਟ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਸਿਖਲਾਈ ਦੌਰਾਨ ਮਧੂ-ਮੱਖੀ ਪਾਲਣ ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਵਿਗਿਆਨਕ ਢੰਗ ਨਾਲ ਮਧੂ ਮੱਖੀ ਪਾਲਣ, ਮੱਖੀ ਕਾਲੋਨੀਆਂ ਦੀ ਸੰਭਾਲ, ਮੌਸਮੀ ਪ੍ਰਬੰਧਨ, ਕੀਟ ਅਤੇ ਰੋਗ ਨਿਯੰਤਰਣ ਅਤੇ ਸ਼ਹਿਦ ਕੱਢਣ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਹੱਥ-ਅਨੁਭਵ ਲਈ ਪ੍ਰਯੋਗਾਤਮਕ ਡੈਮੋਨਸਟਰੇਸ਼ਨ ਵੀ ਕਰਵਾਏ ਗਏ | ਭਾਗੀਦਾਰਾਂ ਨੇ ਇਲਾਕੇ ਦੇ ਪ੍ਰਗਤੀਸ਼ੀਲ ਮਧੂਮੱਖੀ ਪਾਲਕਾਂ ਨਾਲ ਪਰਸਪਰਕ ਸੈਸ਼ਨਾਂ ਵਿਚ ਭਾਗ ਲਿਆ | ਬਾਗ਼ਬਾਨੀ ਬਲਾਕ ਅਫ਼ਸਰ ਰੂਪਨਗਰ ਡਾ. ਚਤਰਜੀਤ ਸਿੰਘ ਵਲੋਂ ਵੱਖ-ਵੱਖ ਬਾਗਬਾਨੀ ਅਤੇ ਮਧੂ ਮੱਖੀ ਪਾਲਣ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ |