ਕਾਹਨਪੁਰ ਖੂਹੀ, 3 ਮਾਰਚ (ਗੁਰਬੀਰ ਸਿੰਘ ਵਾਲੀਆ)- ਪੰਜਾਬ ਸਰਕਾਰ ਦੀ ਧਾਰਮਿਕ ਯਾਤਰਾ ਸਕੀਮ ਤਹਿਤ ਪਿੰਡ ਰੋੜੂਆਣਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਯਾਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ | ਇਸ ਦੌਰਾਨ ਪਿੰਡ ਵਾਸੀਆਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ 'ਚ ਲੋਕ ਯਾਤਰੀਆਂ ਨੂੰ ਵਿਦਾ ਕਰਨ ਲਈ ਇਕੱਠੇ ਹੋਏ | ਵਿਧਾਇਕ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਦੀ ਧਾਰਮਿਕ ਯਾਤਰਾ ਯੋਜਨਾ ਆਮ ਜਨਤਾ ਲਈ ਵੱਡੀ ਰਾਹਤ ਬਣੀ ਹੈ | ਉਨ੍ਹਾਂ ਨੇ ਕਿਹਾ ਕਿ ਕਈ ਲੋਕ ਆਰਥਿਕ ਜਾਂ ਆਵਾਜਾਈ ਸੰਬੰਧੀ ਮੁਸ਼ਕਿਲਾਂ ਕਾਰਨ ਧਾਰਮਿਕ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਸਨ, ਪਰ ਹੁਣ ਇਸ ਯੋਜਨਾ ਨਾਲ ਖ਼ਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਸੁਵਿਧਾ ਪ੍ਰਾਪਤ ਹੋ ਰਹੀ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਲੋਕਾਂ ਦੀ ਆਸਥਾ ਦਾ ਸਨਮਾਨ ਕਰਦੀ ਹੈ ਅਤੇ ਹਰ ਵਰਗ ਤੱਕ ਭਲਾਈ ਯੋਜਨਾਵਾਂ ਪਹੁੰਚਾਉਣ ਲਈ ਵਚਨਬੱਧ ਹੈ, ਸਾਡੀ ਕੋਸ਼ਿਸ਼ ਹੈ ਕਿ ਹਰ ਨਾਗਰਿਕ ਨੂੰ ਪਵਿੱਤਰ ਧਾਮਾਂ ਦੇ ਦਰਸ਼ਨ ਦਾ ਮੌਕਾ ਮਿਲੇ | ਭਵਿੱਖ 'ਚ ਵੀ ਅਜਿਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਜਾਰੀ ਰਹਿਣਗੀਆਂ | ਵਿਧਾਇਕ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਰਹਿਣ ਅਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ | ਇਸ ਮੌਕੇ ਸਰਪੰਚ ਹਰਮੇਸ਼ ਕੁਮਾਰ, ਬਲਵਿੰਦਰ ਕੌਰ (ਪੰਚ), ਰਣਜੀਤ ਸਿੰਘ, ਕਮਲ ਸਿੰਘ ਪਾਠੀ, ਬਾਬਾ ਚੰਨਣ ਸਿੰਘ, ਰੇਸ਼ਮ ਸਿੰਘ (ਪੰਚ), ਰਿੰਕੂ ਸਿੰਘ, ਜਸਵੀਰ ਸਿੰਘ ਨਲਹੋਟੀ ਅਤੇ ਡਾ: ਰਾਮ ਨਲਹੋਟੀ ਸਮੇਤ ਕਈ ਪਤਵੰਤੇ ਹਾਜ਼ਰ ਸਨ |