ਨੰਗਲ, 7 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਨੰਗਲ ਤੋਂ ਭਾਖੜਾ ਡੈਮ ਨੂੰ ਜਾਣ ਵਾਲੀ ਰੇਲ ਗੱਡੀ ਅਤੇ ਬੱਸਾਂ ਨੂੰ ਬਰਮਲਾ ਚੈੱਕ ਪੋਸਟ ਉੱਤੇ ਰੋਕ ਕੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਣਾਂ ਵਲੋਂ ਬੀ.ਬੀ.ਐਮ.ਬੀ. ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਦੇ ਜਰਨਲ ਸਕੱਤਰ ਸੁਰੇਸ਼ ਕੁਮਾਰ ਸੈਣੀ, ਆਲ ਰਿਟਾਇਰਡ ਯੂਨੀਅਨ ਦੇ ਜਰਨਲ ਸਕੱਤਰ ਗੁਰਨਾਮ ਸਿੰਘ, ਅਸ਼ੋਕ ਕੁਮਾਰ, ਸਨੀ ਕੁਮਾਰ ਅਤੇ ਰਾਜ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ ਦੇ ਚੇਅਰਮੈਨ ਕਈ ਵਾਰ ਉਨ੍ਹਾਂ ਨਾਲ ਮੀਟਿੰਗ ਕਰਕੇ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦੇ ਚੁੱਕੇ ਹਨ ਪਰ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅੱਜ ਮਜਬੂਰਨ ਪ੍ਰਦਰਸ਼ਨ ਕਰਨਾ ਪਿਆ |ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਦਿਨੀਂ ਮਜ਼ਦੂਰੀ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਰਾਜਸਥਾਨ ਦੀ ਤਰਜ਼ 'ਤੇ ਤਨਖਾਹ ਜਾਰੀ ਕਰਨੀ, ਪਾਰਟ-ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕੰਮ ਦੇਣਾ, ਵਿਚ ਖਾਲੀ ਪਏ ਲਗਭਗ 7000 ਅਹੁਦਿਆਂ 'ਤੇ ਭਰਤੀ ਕਰਨੀ ਅਤੇ ਇੰਸੈਂਟਿਵ ਜਾਰੀ ਕਰਨਾ ਸ਼ਾਮਲ ਹੈ | ਡੀ.ਐਸ.ਪੀ. ਸੁਰਿੰਦਰ ਪਾਲ ਸਿੰਘ ਲਿੱਧੜ ਮੌਕੇ 'ਤੇ ਪਹੁੰਚੇ ਅਤੇ ਯੂਨੀਅਨ ਆਗੂਆਂ ਨੂੰ ਅਗਲੇ ਦਿਨਾਂ ਵਿਚ ਚੇਅਰਮੈਨ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਮਗਰੋਂ ਇਹ ਪ੍ਰਦਰਸ਼ਨ ਖਤਮ ਹੋਇਆ |