ਨੂਰਪੁਰ ਬੇਦੀ, 11 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੂਬਾ ਪੱਧਰੀ ਰੈਲੀ ਤੋਂ ਉਤਸਾਹਿਤ ਹੋਏ ਬਿਜਲੀ ਕਰਮਚਾਰੀਆਂ ਨੇ ਆਪਣੇ ਮਸਲਿਆਂ ਨੂੰ ਲੈ ਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ | ਕਰਮਚਾਰੀਆਂ ਨੇ ਸਪਸ਼ਟ ਕੀਤਾ ਹੈ ਕਿ 16 ਅਪ੍ਰੈਲ ਨੂੰ ਨਿਰਧਾਰਤ ਮੀਟਿੰਗ 'ਚ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਢੁੱਕਵਾਂ ਹੱਲ ਨਾ ਨਿਕਲਿਆ ਤਾਂ ਜਥੇਬੰਦੀਆਂ ਵਲੋਂ ਪਹਿਲਾਂ ਤੋਂ ਐਲਾਨੇ ਸੰਘਰਸ਼ੀ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ | ਨੁਮਾਇੰਦਿਆਂ ਨੇ ਦੱਸਿਆ ਕਿ 10 ਅਪ੍ਰੈਲ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਦਿੱਤੇ ਗਏ ਧਰਨੇ ਤੋਂ ਬਾਅਦ ਮੈਨੇਜਮੈਂਟ ਵਲੋਂ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ ਤੇ ਉਮੀਦ ਹੈ ਕਿ ਇਸ ਮੀਟਿੰਗ 'ਚ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਨਿਕਲੇਗਾ | ਪਰ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਸਮੁੱਚੇ ਪਾਵਰਕਾਮ ਸੰਗਠਨਾਂ ਵਲੋਂ ਸਾਂਝੇ ਤੌਰ 'ਤੇ ਸੰਘਰਸ਼ ਦੀ ਰੂਪਰੇਖਾ ਅਨੁਸਾਰ ਅੱਜ 11 ਅਪ੍ਰੈਲ ਤੋਂ 25 ਅਪ੍ਰੈਲ ਤੱਕ ਬਿਜਲੀ ਕਰਮਚਾਰੀ 'ਵਰਕ ਟੂ ਰੂਲ' ਅਧੀਨ ਸਿਰਫ਼ ਆਪਣੀ ਨਿਰਧਾਰਤ 8 ਘੰਟਿਆਂ ਦੀ ਡਿਊਟੀ ਹੀ ਨਿਭਾਉਣਗੇ | ਗਜ਼ਟਿਡ ਛੁੱਟੀਆਂ ਵਾਲੇ ਦਿਨ ਸਟਾਫ਼ ਆਪਣੀ ਬਣਦੀ ਛੁੱਟੀ ਲਏਗਾ ਅਤੇ ਡਿਊਟੀ ਤੋਂ ਬਾਅਦ ਕੋਈ ਵੀ ਕਰਮਚਾਰੀ ਮੋਬਾਈਲ ਫੋਨ ਅਟੈਂਡ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਮਈ ਮਹੀਨੇ ਦੇ ਆਖਰੀ ਹਫਤੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਰੋਸ ਧਰਨਾ ਜਦਕਿ ਜੂਨ ਮਹੀਨੇ ਦੇ ਦੂਜੇ ਹਫਤੇ ਦੋ ਦਿਨਾਂ ਦੀ ਹੜਤਾਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਮੌਕੇ ਜੇ.ਈ. ਜਸਵਿੰਦਰ ਸਿੰਘ ਔਲਖ, ਦੇਸ ਰਾਜ ਘਈ, ਮਾਨ ਸਿੰਘ, ਰਾਮਪਾਲ ਸਰਥਲੀ, ਸੰਜੀਵ ਕੁਮਾਰ, ਸਰਬਣ ਸਿੰਘ, ਹਰਜਿੰਦਰ ਸਿੰਘ ਹੀਰਾ, ਭਗਤ ਰਾਮ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਜਗਤਾਰ ਸਿੰਘ, ਦਿਵਾਂਕਰ ਤੇ ਗੁਲਜਾਰੀ ਰਾਮ ਆਦਿ ਹਾਜ਼ਰ ਸਨ |