ਭਰਤਗੜ੍ਹ, 14 ਅਪ੍ਰੈਲ (ਜਸਬੀਰ ਸਿੰਘ ਬਾਵਾ)-ਅੱਜ ਕਰੀਬ ਸਾਢੇ 10 ਵਜੇ ਕੌਮੀ ਮਾਰਗ 'ਤੇ ਪੁਲਿਸ ਚੌਕੀ ਭਰਤ ਗੜ੍ਹ ਦੇ ਸਾਹਮਣੇ ਮੋਟਰਸਾਈਕਲ ਨੂੰ ਗੱਡੀ ਦੇ ਫੇਟ ਵੱਜਣ ਦੇ ਨਤੀਜੇ ਵਜੋਂ ਦੋ ਜਣੇ ਗੰਭੀਰ ਜ਼ਖਮੀ ਹੋ ਗਏ, ਇਨ੍ਹਾਂ ਨੂੰ ਸਥਾਨਕ ਨੌਜਵਾਨਾਂ ਨੇ ਹਾਦਸੇ ਵਾਲੀ ਗੱਡੀ 'ਚ ਹੀ ਜ਼ਖਮੀਆਂ ਨੂੰ ਚੁੱਕ ਕੇ ਸਥਾਨਕ ਸਰਕਾਰੀ ਹਸਪਤਾਲ ਪੁਜਾਇਆ, ਇੱਥੇ ਤਾਇਨਾਤ ਡਾਕਟਰ ਅਕਸ਼ਿਤ ਵਿਸ਼ਟ, ਸਟਾਫ਼ ਨਰਸ ਗਗਨਦੀਪ ਕੌਰ ਨੇ ਹੋਰਨਾਂ ਸਿਹਤ ਕਰਮੀਆਂ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਲੋੜੀਂਦੇ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ | ਡਾ. ਅਕਸ਼ਿਤ ਮੁਤਾਬਿਕ ਜ਼ਖਮੀਆਂ ਦੀ ਸ਼ਨਾਖ਼ਤ ਦੀਪ ਰਾਮ, ਪੁੱਤਰ ਸੀਤਾ ਰਾਮ ਅਤੇ ਸ਼ਿਵ ਕੁਮਾਰ ਪੁੱਤਰ ਨਾਨਕੂ ਰਾਮ, ਵਾਸੀਆਨ: ਮਸੂਲਖਾਨਾ, ਜ਼ਿਲ੍ਹਾ: ਸੋਲਨ, (ਹਿ. ਪ੍ਰ.) ਵਜੋਂ ਹੋਈ ਹੈ | ਹਸਪਤਾਲ ਪੁੱਜੇ ਮੁੱਖ ਮੁਣਸ਼ੀ ਕਮਲਦੀਪ ਸਿੰਘ ਰਾਏ, ਮੁਲਾਜ਼ਮ ਰਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਗੱਡੀ ਦੀ ਫੇਟ ਵੱਜਣ ਨਾਲ ਦੋਵੇਂ ਜ਼ਖਮੀ ਹੋਏ ਸਨ, ਇਨ੍ਹਾਂ ਦੇ ਵਾਰਸਾਂ ਨੂੰ ਇਤਲਾਹ ਕਰ ਦਿੱਤੀ ਹੈ, ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ, ਸਿਵਲ ਹਸਪਤਾਲ ਰੂਪਨਗਰ 'ਚ ਜੇਰੇ ਇਲਾਜ ਦੋਵੇਂ ਜ਼ਖਮੀਆਂ ਦੇ ਬਿਆਨਾਂ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |