ਮਿਸਤਰੀਆਂ, ਮਜ਼ਦੂਰਾਂ ਵਲੋਂ ਡਾ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
ਅਜੀਤ ਡੈਸਕ
15-04-2026
ਸ੍ਰੀ ਚਮਕੌਰ ਸਾਹਿਬ, 14 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ) ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਲੇਬਰ ਚੌਂਕ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਡਾ ਭੀਮ ਰਾਓ ਅੰਬੇਦਕਰ ਦਾ 136ਵਾਂ ਜਨਮ ਦਿਹਾੜਾ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਜ/ਸ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ, ਸੰਯੁਕਤ ਸਕੱਤਰ ਸਤਵਿੰਦਰ ਸਿੰਘ ਨੀਟਾ, ਸਲਾਹਕਾਰ ਮਲਾਗਰ ਸਿੰਘ ਖਮਾਣੋਂ ਨੇ ਕਿਹਾ ਕਿ ਡਾ ਅੰਬੇਦਕਰ ਭਾਰਤੀ ਸਮਾਜ ਵਿਚੋਂ ਸਭ ਤੋਂ ਵੱਧ ਪੜੇ ਲਿਖੇ ਆਗੂ ਸਨ | ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਦੇ ਹੋਏ ਸਮਾਜ ਵਿਚੋਂ ਸਭ ਤੋਂ ਵੱਧ ਲਿਤਾੜੇ ਹੋਏ ਦਲਿਤ ਵਰਗ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਬਰਾਬਰੀ ਦਾ ਦਰਜਾ ਦਿਵਾਉਣ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਉਨ੍ਹਾਂ ਦਾ ਮੁੱਖ ਸੰਦੇਸ਼ 'ਪੜੋ੍ਹ ਜੁੜੋ ਤੇ ਸੰਘਰਸ਼ ਕਰੋ' ਸੀ | ਅੱਜ ਭਾਰਤ ਦੇ ਹਾਕਮ ਉਨ੍ਹਾਂ ਦਾ ਨਾਂ ਲੈ ਕੇ ਰਾਜ ਗੱਦੀਆਂ ਦਾ ਅਨੰਦ ਮਾਣਦੇ ਹਨ, ਅਤੇ ਦੂਜੇ ਪਾਸੇ ਉਨ੍ਹਾਂ ਦੇ ਸੁਪਨਿਆਂ ਦਾ ਕਤਲ ਕਰਦੇ ਹਨ | ਇਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਜਮਾਤੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ਾਂ ਵਿਚ ਸ਼ਮੂਲੀਅਤ ਕਰਦੇ ਹੋਏ, ਮੁਕਤੀ ਤੇ ਚੰਗੇ ਭਵਿੱਖ ਲਈ ਰਾਜਨੀਤਿਕ ਤੌਰ ਤੇ ਚੇਤਨ ਹੋਣ | ਇਸ ਮੌਕੇ ਸਮੁੱਚੇ ਮਿਸਤਰੀ ਮਜ਼ਦੂਰਾਂ ਨੇ ਲੱਡੂ ਵੰਡ ਕੇ ਡਾ ਅੰਬੇਦਕਰ ਦਾ ਜਨਮ ਦਿਹਾੜਾ, ਜਥੇਬੰਦ ਸਕਲੰਪ ਦਿਵਸ ਵਜੋਂ ਮਨਾਇਆ | ਇਸ ਮੌਕੇ ਅਜੈਬ ਸਿੰਘ ਸਮਾਣਾ, ਦਲਬੀਰ ਸਿੰਘ ਜਟਾਣਾ, ਜਗਮੀਤ ਸਿੰਘ, ਕਮਲਜੀਤ ਸਿੰਘ, ਜੀਵਨ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ, ਗੁਲਾਬ ਚੰਦ ਚੌਹਾਨ, ਹਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ |