ਪੁਰਖਾਲੀ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)- ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੋਸ਼ ਲਾਇਆ ਕਿ ਘਾੜ ਇਲਾਕੇ ਦੇ ਪਿੰਡ ਬਰਦਾਰ ਵਿਖੇ ਇਕ ਪ੍ਰਾਪਰਟੀ ਡੀਲਰ ਵਲੋਂ ਰਸਤਾ ਕੱਢਣ ਦੀ ਆੜ ਹੇਠ ਜੰਗਲ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਗਿਆ, ਹਰੇ ਭਰੇ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਮਸ਼ੀਨ ਦੀ ਲਪੇਟ 'ਚ ਆਏ ਦਰੱਖ਼ਤਾਂ ਨੂੰ ਚੋਰੀ ਕਰਕੇ ਖੁਰਦ-ਬੁਰਦ ਕਰ ਦਿੱਤਾ ਗਿਆ, ਪਰ ਇਸ ਮਾਮਲੇ ਨੂੰ ਲੈ ਕੇ ਜੰਗਲਾਤ ਵਿਭਾਗ ਰੂਪਨਗਰ ਚੁੱਪ ਕਿਉਂ ਹੈ ਜੋ ਕਿ ਇਕ ਜਾਂਚ ਦਾ ਵਿਸ਼ਾ ਹੈ | ਇਸ ਸਬੰਧੀ ਸਾਬਕਾ ਵਿਧਾਇਕ ਸ. ਸੰਦੋਆ ਨੇ ਕਿਹਾ ਕਿ ਉਕਤ ਪ੍ਰਾਪਰਟੀ ਡੀਲਰ ਨੇ ਇਲਾਕੇ ਅੰਦਰ ਅਪਣੀ ਦਹਿਸ਼ਤ ਫੈਲਾਈ ਹੋਈ ਹੈ ਤੇ ਡੀਲਰ ਕਾਨੂੰਨ ਪ੍ਰਣਾਲੀ ਅਤੇ ਸਰਕਾਰੀ ਵਿਭਾਗਾਂ ਜਾਂ ਅਫ਼ਸਰਾਂ ਨੂੰ ਟਿੱਚ ਸਮਝਦਾ ਹੈ ਅਤੇ ਪੱਤਰਕਾਰਾਂ ਨੂੰ ਵੀ ਡਰਾਉਂਦਾ-ਧਮਕਾਉਂਦਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਡੀਲਰ ਨੇ ਪਿੰਡ ਬਰਦਾਰ ਵਿਖ਼ੇ ਰਸਤੇ ਲਗਾ ਕੇ ਮਹਿੰਗੇ ਭਾਅ ਜਮੀਨਾਂ ਵੇਚਣ ਦੇ ਚੱਕਰ 'ਚ ਰਸਤਾ ਕੱਢਣ ਦਾ ਬਹਾਨਾ ਬਣਾ ਕੇ ਪਹਾੜ ਢਾਹ ਦਿੱਤਾ, ਹਰੇ ਭਰੇ ਦਰਖ਼ਤ ਪੁੱਟ ਸੁੱਟੇ ਅਤੇ ਮਸ਼ੀਨ ਨਾਲ ਪੁੱਟ ਹੋਏ ਸੈਂਕੜੇ ਹਰੇ ਭਰੇ ਦਰਖ਼ਤ ਰਾਤ ਸਮੇਂ ਚੋਰੀ ਕਰਕੇ ਕਿਧਰੇ ਖੁਰਦ ਬੁਰਦ ਕਰ ਦਿਤੇ | ਸ. ਸੰਦੋਆ ਨੇ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਉਕਤ ਸੜਕ ਨੂੰ ਹਿਮਾਚਲ ਪ੍ਰਦੇਸ਼ ਨਾਲ ਮਨਾਉਣ ਸਬੰਧੀ ਕਈ ਵਾਰ ਮੰਗ ਉਠਾਈ ਸੀ | ਉਹਨਾਂ ਕਿਹਾ ਕਿ ਪ੍ਰੰਤੂ ਸੜਕਾਂ ਬਣਾਉਣੀਆਂ, ਸੜਕਾਂ ਨੂੰ ਮਨਜ਼ੂਰੀਆਂ/ਪ੍ਰਵਾਨਗੀਆਂ ਦੇਣੀਆਂ ਸਰਕਾਰਾਂ ਅਤੇ ਵਿਭਾਗਾਂ ਦਾ ਕੰਮ ਹੈ | ਉਹਨਾਂ ਦੱਸਿਆ ਕਿ ਸਰਕਾਰ ਵਲੋਂ ਉਕਤ ਸੜਕ ਨੂੰ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ, ਪ੍ਰੰਤੂ ਉਕਤ ਪ੍ਰਾਪਟੀ ਡੀਲਰ ਨੇ ਉਸੇ ਥਾਂ ਪਹਾੜਾਂ ਨੂੰ ਪੱਧਰਾ ਕੀਤਾ, ਜਿੱਥੇ ਉਸਨੇ ਰਸਤੇ ਲਗਾ ਕੇ ਮਹਿੰਗੇ ਭਾਅ ਜਮੀਨਾਂ ਅਤੇ ਫਾਰਮ ਹਾਊਸ ਵੇਚਣੇ ਹਨ | ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਵਿਜੀਲੈਂਸ ਵਿਭਾਗ ਪੰਜਾਬ, ਜੰਗਲਾਤ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਹੈ ਕਿ ਉਕਤ ਪ੍ਰਾਪਰਟੀ ਡੀਲਰ ਦੀ ਜਾਂਚ ਕਰਵਾਈ ਜਾਵੇ | ਦੂਜੇ ਪਾਸੇ ਉਕਤ ਪ੍ਰਾਪਰਟੀ ਡੀਲਰ ਨੇ ਗੱਲ ਕਰਨ 'ਤੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਰਸਤੇ ਨੂੰ ਪੱਧਰਾ ਕਰ ਰਹੇ ਹਨ | ਜਿਸ ਦਾ ਕੁੱਝ ਲੋਕ ਵਿਰੋਧ ਕਰ ਰਹੇ ਹਨ | ਜਦ ਇਸ ਸਬੰਧੀ ਡੀ.ਐਫ.ਓ. ਰੂਪਨਗਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |