ਨੰਗਲ, 28 ਮਈ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੀ 26 ਮਈ ਨੂੰ ਹੋਈ ਚੋਣ ਵਿਚ ਸ਼ਹਿਰ ਦੇ ਕੁੱਲ 32,478 ਵੋਟਰਾਂ ਵਲੋਂ ਸ਼ਹਿਰ ਦੇ ਵੱਖ-ਵੱਖ 19 ਵਾਰਡਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਚੋਣ ਲੜਣ ਵਾਲੇ ਕੁਲ 78 ਉਮੀਦਵਾਰਾਂ ਦੀ ਡੱਬਿਆਂ 'ਚ ਬੰਦ ਕੀਤੀ ਗਈ ਸਿਆਸੀ ਕਿਸਮਤ ਦਾ ਅੱਜ ਵੋਟਾਂ ਦੀ ਗਿਣਤੀ ਉਪਰੰਤ ਫੈਸਲਾ ਹੋਵੇਗਾ | ਇਹਨਾਂ ਵੋਟਰਾਂ ਵਿਚ 15856 ਇਸਤਰੀ, 16619 ਮਰਦ ਤੇ 3 ਤੀਜਾ ਲਿੰਗ ਵੋਟਰ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਲਗਭਗ 125 ਕਰੋੜ ਦਾ ਸਾਲਾਨਾ ਬਜਟ ਰੱਖਣ ਵਾਲੀ ਨਗਰ ਕੌਂਸਲ ਨੰਗਲ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ 17 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 78 ਉਮੀਦਵਾਰ ਚੋਣ ਲੜ ਰਹੇ ਹਨ | ਨੰਗਲ ਦੇ 19 ਵਾਰਡਾਂ ਵਿਚ ਆਮ ਆਦਮੀ ਪਾਰਟੀ ਵਲੋਂ 18, ਭਾਰਤੀ ਜਨਤਾ ਪਾਰਟੀ ਵਲੋਂ 19 ਤੇ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ 19, ਸ਼੍ਰੋਮਣੀ ਅਕਾਲੀ ਦਲ ਦੇ 6 ਅਤੇ ਬਹੁਜਨ ਸਮਾਜ ਪਾਰਟੀ ਵਲੋਂ 1 ਉਮੀਦਵਾਰ ਚੋਣ ਲੜ ਰਹੇ ਹਨ, ਜਦੋਂ ਕਿ 17 ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ | ਪ੍ਰਸ਼ਾਸਨ ਵਲੋਂ 19 ਵਾਰਡਾਂ ਵਿਚ ਕੁਲ 36 ਪੋਲਿੰਗ ਬੂਥ ਬਣਾਏ ਗਏ ਸਨ | ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਜਿਨ੍ਹਾਂ ਵਲੋਂ ਇਹ ਚੋਣਾਂ ਲੜਾਈਆਂ ਗਈਆਂ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਹਾਰ ਨੂੰ ਲੈ ਕੇ ਵੋਟਾਂ ਦੀ ਗਿਣਤੀ ਮਿਣਤੀ ਲਈ ਲਗਾਤਾਰ ਕਿਆਸ ਅਰਾਈਆਂ ਲਗਾ ਰਹੇ ਹਨ | ਵੱਖ-ਵੱਖ ਵਾਰਡਾਂ ਵਿਚ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰਾਂ ਵਲੋਂ ਚੋਣ ਵਿਚ ਹਿੱਸਾ ਲੈ ਕੇ ਸਿਆਸੀ ਪਾਰਟੀਆਂ ਦੇ ਗਣਿਤ ਬਿਗਾੜੇ ਜਾਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਸਿਆਸੀ ਮਾਹਰ ਵੀ ਅੱਜ ਤੱਕ ਸਹੀ ਅੰਦਾਜੇ ਨਹੀਂ ਲਗਾ ਸਕੇ | ਅੱਜ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਸਿਆਸੀ ਸੱਥਾਂ ਤੇ ਸ਼ਹਿਰ ਵਾਸੀਆਂ ਵਿਚ ਕਾਫੀ ਉਤਸੁਕਤਾ ਨਜ਼ਰ ਆ ਰਹੀ ਹੈ | ਦੱਸਣਯੋਗ ਹੈ ਕਿ ਸਮੁੱਚੀਆਂ ਸਿਆਸੀ ਧਿਰਾਂ ਵਲੋਂ ਇਹਨਾਂ ਨਗਰ ਕੌਂਸਲ ਚੋਣਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸੈਮੀਫਾਈਨਲ ਵਜੋਂ ਲੈ ਕੇ ਲੜਿਆ ਗਿਆ ਹੈ | ਸਮੁੱਚੀਆਂ ਸਿਆਸੀ ਪਾਰਟੀਆਂ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਦਾ ਰੁਖ ਜਾਨਣਾ ਚਾਹੁੰਦੇ ਹਨ |