ਨੂਰਪੁਰ ਬੇਦੀ, 21 ਜੂਨ (ਵਿੰਦਰਪਾਲ ਝਾਂਡੀਆਂ)-ਪਿੰਡ ਬਾਹਮਣ ਮਾਜਰਾ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹਰ ਸਾਲ ਦੀ ਤਰਾਂ ਸਮੂਹ ਪਿੰਡ ਵਾਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸ਼ਰਧਾ ‘ਤੇ ਸਤਿਕਾਰ ਨਾਲ ਮਨਾਉਣ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੈਪਟਨ ਤਰਸੇਮ ਸਿੰਘ ਬਾਹਮਣ ਮਾਜਰਾ ਦੀ ਅਗਵਾਈ ਵਿਚ ਕਰਵਾਇਆ ਗਿਆ ਤਿੰਨ ਦਿਨਾਂ ਗੁਰਮੀਤ ਸਮਾਗਮ ਅੱਜ ਸ਼ਰਧਾਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਜਿਸ ਵਿਚ ਸ੍ਰੀ ਚਮਕੌਰ ਸਾਹਿਬ ਤੋਂ ਪਹੁੰਚੇ ਬਾਬਾ ਸੁਖਜੀਤ ਸਿੰਘ ਦੇ ਪ੍ਰਸਿੱਧ ਕੀਰਤਨੀ ਜਥੇ ਵਲੋਂ ਸਮਾਗਮ ਮੌਕੇ ਜੁੜੀਆਂ ਵੱਡੀ ਤਾਦਾਦ ‘ਚ ਸੰਗਤਾਂ ਨੂੰ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਅਤੇ ਗੁਰਮੀਤ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰ ਇਤਿਹਾਸ ਨਾਲ ਜੋੜਿਆ। ਉਨਾਂ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸ਼ਾਨੀ ਸ਼ਹਾਦਤ ਤੋ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉੱਚੇ ਆਦਰਸ਼ਾਂ ਅਤੇ ਕੁਰਬਾਨੀ ਤੋ ਸੇਧ ਲੈਣ ਦਾ ਸੰਦੇਸ਼ ਦਿੱਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੁੱਖ ਸੇਵਾਦਾਰ ਕੈਪਟਨ ਤਰਸੇਮ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ‘ਤੇ ਇੰਟਰਨੈਸ਼ਨਲ ਢਾਡੀ ਗਿਆਨੀ ਭੁਪਿੰਦਰ ਸਿੰਘ ਢਾਹਾਂ ਕੈਪਟਨ ਤਰਸੇਮ ਸਿੰਘ, ਲਖਵਿੰਦਰ ਸਿੰਘ ਸੈਣੀਮਾਜਰਾ, ਜਗਤਾਰ ਸਿੰਘ ਮੂਸਾਪੁਰ, ਸੂਬੇਦਾਰ ਅਵਤਾਰ ਸਿੰਘ, ਮੱਖਣ ਸਿੰਘ ਅਟਵਾਲ, ਜਰਨੈਲ ਸਿੰਘ ਫ਼ੌਜੀ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਓਕਾਰ ਸਿੰਘ, ਮਨਜਿੰਦਰ ਸਿੰਘ ਅਟਵਾਲ, ਦਰਸ਼ਨ ਸਿੰਘ ਚਾਹਲ , ਗੁਰਦੇਵ ਸਿੰਘ ਅਟਵਾਲ, ਪਾਲ ਸਿੰਘ ਪਾਲੀ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
ਬਾਹਮਣ ਮਾਜਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਤਿੰਨ ਦਿਨਾਂ ਗੁਰਮਤਿ ਸਮਾਗਮ ਸਮਾਪਤ
ਅਜੀਤ ਡੈਸਕ
22-06-2026