ਨੂਰਪੁਰ ਬੇਦੀ, 22 ਜੂਨ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆ ਕਲਾਂ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ, ਭੰਡਾਰਾ ਤੇ ਜਾਗਰਣ ਮੌਜੂਦਾ ਗੱਦੀਨਸ਼ੀਨ ਭਗਤ ਬਾਲ ਸਿਕੰਦਰ ਦੀ ਅਗਵਾਈ ’ਚ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਿਰਕਤ ਕਰਕੇ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਵਿਧਾਇਕ ਐਡਵੋਕੇਟ ਚੱਢਾ ਨੇ ਕਿਹਾ ਕਿ ਧਾਰਮਿਕ ਸਮਾਗਮ ਸੰਗਤਾਂ ਦੀ ਸ਼ਰਧਾ ਤੇ ਆਸਥਾ ਦੇ ਪ੍ਰਤੀਕ ਹੁੰਦੇ ਹਨ, ਉੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਆਦਰਸ਼ ਜੀਵਨ ਜਿਊਣ ਦੀ ਸੇਧ ਪ੍ਰਦਾਨ ਕਰਦੇ ਹਨ। ਵਿਧਾਇਕ ਐਡਵੋਕੇਟ ਚੱਢਾ ਨੇ ਮੰਦਰ ਨੂੰ ਆਉਣ ਵਾਲੇ ਕੱਚੇ ਰਸਤੇ ਤੇ ਪੱਕੀ ਗਲੀ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ਮੰਦਰ ਪ੍ਰਬੰਧਕਾਂ ਨੇ ਵਿਧਾਇਕ ਐਡਵੋਕੇਟ ਚੱਢਾ ਦਾ ਦੋਸ਼ਾਲਾ ਦੇ ਕੇ ਸਨਮਾਨ ਕੀਤਾ। ਉਪਰੰਤ ਧਾਰਮਿਕ ਗਾਇਕ ਸਰਬਣ ਕੁਮਾਰ ਫਰਜੀ ਨੇ ‘ਘਰ ਆਜਾ ਸੋਹਣੇ ਜੋਗੀਆ’ ਤੇ ਹੋਰ ਵੱਖ-ਵੱਖ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਗਾ ਕੇ ਚੰਗਾ ਗੁਣਗਾਨ ਕੀਤਾ। ਇਸ ਮੌਕੇ ਭਗਤ ਬਾਲ ਸਿਕੰਦਰ, ਸ਼ਿੰਦਰਪਾਲ, ਗੁਰਮੇਲ ਚੰਦ ਭਗਤ, ਬਾਬੂ ਰੋਸ਼ਨ ਲਾਲ ਚੌਹਾਨ, ਸਰਪੰਚ ਸੰਜੀਵ ਕੁਮਾਰ ਚੌਹਾਨ, ਡਾਇਰੈਕਟਰ ਨਰਿੰਦਰ ਕੁਮਾਰ ਹੱਕਲਾ, ਅਨੰਤ ਰਾਮ ਹੱਕਲਾ, ਪ੍ਰੇਮ ਚੰਦ ਫੌਜੀ, ਦੇਸ ਰਾਜ, ਡਾ: ਸਤਪਾਲ ਪਾਲੀ, ਬਲਜੀਤ ਫੌਜੀ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ।