05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਜੇ ਘਰ ਨਾ ਜਿੱਤਿਆ, ਤਾਂ ਜੱਗ ਕੀ ਜਿੱਤਣਾ’ ਮੋਰਿੰਡਾ ਦੀ ਸਿਆਸਤ ਨੇ ਚੰਨੀ ਧੜੇ ਅੱਗੇ ਖੜ੍ਹੇ ਕੀਤੇ ਨਵੇਂ ਸਵਾਲ

Ad Position 21
No active advertisement
ਅਜੀਤ ਡੈਸਕ 11-07-2026
ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੂੰ ਰੂਪਨਗਰ ਜ਼ਿਲ੍ਹੇ ਦੀ ਸਿਆਸਤ ਵਿਚ ਵੱਡਾ ਸਿਆਸੀ ਝਟਕਾ ਲੱਗਿਆ ਹੈ। ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਵਿਚ ਕਾਂਗਰਸ ਨੂੰ ਬਹੁਮਤ ਮਿਲਣ ਦੇ ਬਾਵਜੂਦ ਪ੍ਰਧਾਨਗੀ ਹਾਸਲ ਨਾ ਹੋਣਾ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘’ਜੇ ਘਰ ਨਾ ਜਿੱਤਿਆ, ਤਾਂ ਜੱਗ ਕੀ ਜਿੱਤਣਾ’’ ਵਾਲੀ ਅਖਾਣ ਇਸ ਸਥਿਤੀ ‘ਤੇ ਢੁਕਵੀਂ ਬੈਠਦੀ ਨਜ਼ਰ ਆਉਂਦੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਆਪਣੇ ਪ੍ਰਭਾਵ ਵਾਲੇ ਖੇਤਰ ਵਿਚ ਹੀ ਸੰਗਠਨ ਨੂੰ ਇੱਕਜੁੱਟ ਰੱਖਣ ਵਿਚ ਮੁਸ਼ਕਲ ਆਵੇ ਤਾਂ ਸੂਬਾ ਪੱਧਰ ਦੀ ਅਗਵਾਈ ਦੇ ਦਾਅਵੇ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੇ ਹਨ। ਮੋਰਿੰਡਾ ਨਗਰ ਕੌਂਸਲ ਦੀਆਂ 15 ਸੀਟਾਂ ਵਿਚੋਂ ਕਾਂਗਰਸ ਨੇ 10 ਸੀਟਾਂ ਜਿੱਤੀਆਂ ਸਨ। ਅਕਾਲੀ ਦਲ ਨੂੰ 2, ਇਕ ਅਕਾਲੀ ਸਮਰਥਿਤ ਆਜ਼ਾਦ ਅਤੇ ਦੋ ਹੋਰ ਆਜ਼ਾਦ ਉਮੀਦਵਾਰ ਜੇਤੂ ਰਹੇ। ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਕਾਂਗਰਸ ਦੇ ਤਿੰਨ ਕੌਂਸਲਰ ਚੰਨੀ ਧੜੇ ਤੋਂ ਵੱਖ ਹੋ ਗਏ, ਜਿਸ ਨਾਲ ਬਹੁਮਤ ਦਾ ਸਮੀਕਰਨ ਬਦਲ ਗਿਆ। ਇਸ ਦੌਰਾਨ ਅਕਾਲੀ ਦਲ ਦੇ ਦੋ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨ ਚੁਣ ਲਿਆ ਗਿਆ। ਚੰਨੀ ਧੜੇ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ, ਜਦਕਿ ਸਰਕਾਰ ਵਲੋਂ ਅਜਿਹੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਸਿਆਸੀ ਘਟਨਾਕ੍ਰਮ ਤੋਂ ਬਾਅਦ ਇਹ ਚਰਚਾ ਵੀ ਤੇਜ਼ ਹੋਈ ਕਿ ਜੇ ਚੰਨੀ ਧੜਾ ਇਸ ਨੂੰ ਆਪਣੇ ਨਾਲ ਹੋਈ ਨਾਇਨਸਾਫ਼ੀ ਮੰਨਦਾ ਹੈ ਤਾਂ ਸੂਬਾ ਪੱਧਰ ਦੇ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਵੱਡੇ ਪੱਧਰ ‘ਤੇ ਵਿਰੋਧ ਕਿਉਂ ਨਹੀਂ ਕੀਤਾ ਗਿਆ। ਕੁੱਝ ਦਿਨ ਪਹਿਲਾਂ ਚੰਨੀ ਦੇ ਹੱਕ ਵਿਚ ਪੰਜਾਬ ਦੇ ਵੱਡੇ ਵੱਡੇ ਕੱਦ ਵਾਲੇ ਕਾਂਗਰਸੀ ਆਗੂਆਂ ਨੇ ਮਜਮਾ ਲਾਇਆ ਹੋਇਆ ਸੀ, ਪਰ ਅੱਜ ਮੋਰਿੰਡਾ ਵਿਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਚੰਨੀ ਆਪਣੇ ਸੀਮਤ ਸਮਰਥਕਾਂ ਨਾਲ ਹੀ ਨਜ਼ਰ ਆਏ, ਜਿਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦੂਜੇ ਪਾਸੇ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਨਗਰ ਕੌਂਸਲਾਂ ‘ਤੇ ਭਾਵੇਂ ਕਬਜ਼ਾ ਨਹੀਂ ਕਰ ਸਕੇ, ਪਰ ਉਨ੍ਹਾਂ ਦੇ ਜਿੱਤੇ ਹੋਏ ਕੌਂਸਲਰਾਂ ਦੁਬਾਰਾ ਪਾਰਟੀ ਛੱਡਣ ਦੀ ਸਥਿਤੀ ਸਾਹਮਣੇ ਨਹੀਂ ਆਈ। ਸਿਆਸੀ ਵਿਸ਼ਲੇਸ਼ਕ ਇਸ ਨੂੰ ਉਨ੍ਹਾਂ ਦੀ ਸੰਗਠਨਾਤਮਕ ਪਕੜ ਨਾਲ ਵੀ ਜੋੜ ਕੇ ਦੇਖ ਰਹੇ ਹਨ।ਮੋਰਿੰਡਾ ਦੇ ਘਟਨਾਕ੍ਰਮ ਨੇ ਨਾ ਸਿਰਫ਼ ਸਥਾਨਕ ਸਿਆਸਤ, ਸਗੋਂ ਪੰਜਾਬ ਕਾਂਗਰਸ ਦੀ ਭਵਿੱਖੀ ਲੀਡਰਸ਼ਿਪ ਨੂੰ ਲੈ ਕੇ ਵੀ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਕਰਕੇ ਉਸ ਸਮੇਂ, ਜਦੋਂ ਸੂਬਾ ਪ੍ਰਧਾਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੰਭਾਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਵਿਚ ਚਰਚਾ ਜਾਰੀ ਹੈ।
ਧੱਕੇਸ਼ਾਹੀ ਨਾਲ ਸਿਆਸੀ ਜ਼ਮੀਨ ਨਹੀਂ ਪਰਤਣੀ , ਫ਼ੈਸਲਾ ਤਾਂ ਲੋਕ ਕਚਹਿਰੀ ਵਿਚ ਹੋਣਾ
ਦੂਜੇ ਪਾਸੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ ਵਿਚ ਚੋਣਾਂ ਵਿਚ ਬਹੁਮਤ ਹਾਸਲ ਨਹੀਂ ਕਰ ਸਕੇ ਅਤੇ ਮੋਰਿੰਡਾ ਵਿਚ ਤਾਂ ਉਨਾਂ ਦਾ ਇੱਕ ਵੀ ਕੌਂਸਲਰ ਨਹੀਂ ਸੀ ਜਿੱਤ ਸਕਿਆ, ਜਿਸ ਕਰਕੇ ਉਨਾਂ ਦੀ ਹਲਕੇ ਵਿਚ ਸਿਆਸੀ ਜ਼ਮੀਨ ਖਿਸਕ ਗਈ ਸੀ । ਹੁਣ ਭਾਵੇਂ ਉਨ੍ਹਾਂ ਦੇ ਸਮਰਥਨ ਵਾਲਾ ਉਮੀਦਵਾਰ ਪ੍ਰਧਾਨ ਬਣ ਗਿਆ, ਪਰ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਪ੍ਰਸ਼ਾਸਨਿਕ ਮਸ਼ੀਨਰੀ ਦੀ ਰੱਜ ਕੇ ਵਰਤੋਂ ਕਰਕੇ ਕੌਂਸਲ ਦੀ ਸੱਤਾ ਆਪਣੇ ਪੱਖ ਵਿਚ ਕੀਤੀ ਗਈ, ਜਦਕਿ ਸਰਕਾਰ ਵਲੋਂ ਅਜਿਹੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਲ ਕਰਨਾ ਇੱਕ ਪੜਾਅ ਹੈ, ਪਰ ਲੋਕਾਂ ਵਿਚ ਸਥਾਈ ਸਿਆਸੀ ਪਕੜ ਕਾਇਮ ਰੱਖਣਾ ਅਸਲ ਚੁਣੌਤੀ ਹੁੰਦੀ ਹੈ। ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਇਹ ਘਟਨਾਕ੍ਰਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਿੰਨਾ ਸਿਆਸੀ ਪ੍ਰਭਾਵ ਛੱਡਣਗੇ, ਇਸ ਦਾ ਅਸਲ ਫ਼ੈਸਲਾ ਆਖ਼ਰਕਾਰ ਵੋਟਰ ਹੀ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨਾਲ ‘ਆਪ’ ਸਰਕਾਰ ਨੇ ਕੀਤਾ ਧੋਖਾ, ਕੀਤੇ ਵਾਅਦੇ ਤੁਰੰਤ ਪੂਰੇ ਕਰੇ-ਸੰਜੇ ਵਰਮਾ ਅਗਲੀ ਖ਼ਬਰ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਵਿਧਾਇਕ ਐਡਵੋਕੇਟ ਚੱਢਾ ਲਗਾਤਾਰ ਸਰਕਾਰ ਦੇ ਧਿਆਨ ’ਚ ਲਿਆ ਰਹੇ ਹਨ- ਰਾਜੂ ਸਤਿਆਲ
Ad Position 24
No active advertisement