ਸੁਖਸਾਲ, 11 ਜੁਲਾਈ (ਧਰਮ ਪਾਲ)- ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ‘ਤੇ ਪ੍ਰਸ਼ਾਸਨ ਦੇ ਸਹਾਰੇ ਨਾਲ ਕੀਤੇ ਜਾ ਰਹੇ ਕਬਜ਼ੇ ਅਤਿ ਚਿੰਤਾ ਦਾ ਵਿਸ਼ਾ ਹੈ, ਜੋ ਕਿ ਸਿੱਧਾ ਲੋਕਤੰਤਰ ‘ਤੇ ਹਮਲਾ ਹੈ। ਇਹ ਪ੍ਰਗਟਾਵਾ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿੰਡ ਭੀਖਾਪੁਰ ਵਿਖੇ ਇੱਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਇਨਕਲਾਬ ਦਾ ਨਾਅਰਾ ਦੇ ਕੇ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਦੱਸੇ ਰਸਤੇ ‘ਤੇ ਚੱਲਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸਿਆਸੀ ਦਖ਼ਲ ਅੰਦਾਜ਼ੀ ਕਰਕੇ ਸੂਬੇ ਵਿਚ ਲੋਕਤੰਤਰ ਦਾ ਸਿੱਧਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ਵਿਚ ਹੋਈਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਨਜਾਇਜ਼ ਦਖ਼ਲ ਦੇ ਕੇ ਕੀਤੇ ਗਏ ਕਬਜ਼ੇ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਆਮ ਆਦਮੀ ਪਾਰਟੀ ਕੋਲ ਲੋੜੀਂਦੀ ਗਿਣਤੀ ਨਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਸਹਾਰੇ ਨਗਰ ਕੌਂਸਲਾਂ ‘ਤੇ ਕੀਤੇ ਕਬਜ਼ੇ ਅਤੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਰੁਝਾਨ ਲੋਕਤੰਤਰਿਕ ਪਰੰਪਰਾਵਾਂ ਦੇ ਉਲਟ ਹੈ ਅਤੇ ਭਵਿੱਖ ਦੀ ਰਾਜਨੀਤੀ ਲਈ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਤੰਤਰ ਦਾ ਸਤਿਕਾਰ ਕਰਦਿਆਂ ਲੋਕਾਂ ਦੇ ਫ਼ਤਵੇ ਨੂੰ ਮੰਨ ਕੇ ਹਾਰ ਸਵੀਕਾਰ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਪ੍ਰਧਾਨਾਂ ਦੀ ਚੋਣ ਜਿੱਤੇ ਹੋਏ ਕੌਂਸਲਰਾਂ ਦੀ ਬਹੁਮਤ ਰਾਏ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਸ਼ਾਸਨਿਕ ਦਖ਼ਲ ਨਾਲ। ਉਨਾਂ ਅੱਗੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਅਤੇ ਲੋਕ ਮੰਡੇਟ ਦਾ ਪੂਰਾ ਸਤਿਕਾਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਚੇਅਰਮੈਨ ਕਮਲ ਜੋਸ਼ੀ ਥਲੂਹ, ਐਡਵੋਕੇਟ ਵਿਸ਼ਵ ਪਾਲ ਸਿੰਘ ਰਾਣਾ, ਰਾਜ ਕੁਮਾਰ ਰਾਜੂ, ਸੋਨੂੰ ਰਾਣਾ ਨਾਨਗਰਾਂ, ਸੁਰੇਸ਼ ਜੋਸ਼ੀ, ਬਾਬਾ ਦਿਲਬਾਗ ਸਿੰਘ, ਸੰਜੀਵ ਕੁਮਾਰ ਬਿੱਟੂ ਦੋਨੋਂ ਸੰਮਤੀ ਮੈਂਬਰ, ਦੀਪਕ ਕੁਮਾਰ ਹੈਪੀ, ਰਾਜੇਸ਼ ਕੁਮਾਰ ਭੁੱਖੜ, ਲਾਲਾ ਸੁਭਾਸ਼ ਚੀਟੂ, ਅਨਿਲ ਕੁਮਾਰ ਸ਼ਰਮਾ, ਸੰਦੀਪ ਕੁਮਾਰ ਸ਼ਰਮਾ, ਪੰਨਾ ਲਾਲ ਭਨਾਮ, ਸੂਬੇ ਕੁਲਵੰਤ ਸਿੰਘ, ਚੌ. ਭਗਤ ਰਾਮ ਭੀਖਾਪੁਰ, ਹਰੀਸ਼ ਕੁਮਾਰ ਬਾਰਡਾ, ਰਣਵੀਰ ਸਿੰਘ ਅਟਵਾਲ, ਅਸ਼ਵਨੀ ਕੁਮਾਰ ਬਾਰਡਾ, ਸੁਰੇਸ਼ ਕੁਮਾਰ ਰਿੰਕਾ, ਨੰਬਰਦਾਰ ਨਾਜ਼ਰ ਸਿੰਘ ਗੋਹਲਣੀ, ਗੁਰਚਰਨ ਸਿੰਘ ਸੋਢੀ, ਓਂਕਾਰ ਸਿੰਘ ਭੋਡਾ, ਡਾ. ਚਮਨ ਲਾਲ, ਬਖ਼ਸ਼ੀਸ਼ ਸਿੰਘ ਹਾਜ਼ੀਪੁਰ, ਹਰਜਾਪ ਸਿੰਘ ਹਾਜ਼ੀਪੁਰ, ਸੂਰਜ ਸ਼ਰਮਾ, ਨੰ. ਬਖਸ਼ੀਸ਼ ਸਿੰਘ ਮਜਾਰੀ, ਕਮਲਜੀਤ ਭੱਲੜੀ, ਬਲਵਿੰਦਰ ਸਿੰਘ ਬੇਲਾ, ਕੇਵਲ ਗੋਸਵਾਮੀ, ਨੰ. ਗੁਰਦੇਵ ਚੱਬਾ, ਜੋਗਿੰਦਰ ਸਿੰਘ ਜਿੰਦੂ, ਗਗਨਦੀਪ ਸਿੰਘ ਮਾਨ, ਕਿਸ਼ੋਰ ਚੰਦ ਸੰਗਤਪੁਰ, ਵਿੱਦਿਆ ਸਾਗਰ ਦਿਆਲਪੁਰ ਆਦਿ ਹਾਜ਼ਰ ਸਨ।