ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਜੇ ਐਸ ਨਿੱਕੂਵਾਲ)- ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ 116 ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਤਕਰੀਬਨ 37 ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕੌਂਸਲ ਵਲੋਂ ਕਾਲਜ ਨੂੰ ਭੇਜੇ ਗਏ ਵਜੀਫੇ ਦੇ ਚੈੱਕ ਵਿਦਿਆਰਥੀਆਂ ਨੂੰ ਜਲਦ ਦਿੱਤੇ ਜਾਣਗੇ। ਜਿਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰੰਤੂ ਪੜ੍ਹਾਈ ਵਿਚ ਮਿਹਨਤੀ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਜਾਰੀ ਰੱਖਣ ਵਿਚ ਮਦਦ ਮਿਲੇਗੀ। ਕੌਂਸਲ ਦੇ ਪ੍ਰਧਾਨ ਹਰਭਜਨ ਸਿੰਘ ਵਲੋਂ ਕਾਲਜ ਪ੍ਰਿੰਸੀਪਲ ਨੂੰ ਭੇਜੇ ਗਏ ਪੱਤਰ ਵਿਚ ਦੱਸਿਆ ਕਿ ਉਕਤ ਤੋਂ ਇਲਾਵਾ ਜਲਦ ਹੀ 121 ਹੋਰ ਵਿਦਿਆਰਥੀਆਂ ਨੂੰ ਵਜੀਫਾ ਜਾਰੀ ਕਰ ਦਿੱਤਾ ਜਾਵੇਗਾ । ਗੌਰਤਲਬ ਹੈ ਕਿ ਇਹ ਵਜ਼ੀਫ਼ੇ ਅਮਰੀਕਾ ਸਥਿਤ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਯੂ.ਐੱਸ.ਏ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਹਨ, ਜਿਸ ਦਾ ਮੁੱਖ ਉਦੇਸ਼ ਆਰਥਿਕ ਪੱਖੋਂ ਲੋੜਵੰਦ ਅਤੇ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ ਹੈ । ਇਸ ਮੌਕੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੋਨੋਂ ਸੰਸਥਾਵਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਕਿਸੇ ਵਿਦਿਆਰਥੀ ਦੇ ਰਾਹ ਵਿਚ ਆਰਥਿਕ ਕਮਜ਼ੋਰੀ ਨੂੰ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਸਾਲ 1984 ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਹੈ ਅਤੇ ਨਵੀਂ ਦਿੱਲੀ ਸਥਿਤ ਨਿਸ਼ਕਾਮ ਭਵਨ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੀ ਹੈ। ‘‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’’ ਦੇ ਸਿਧਾਂਤ ਨੂੰ ਅਪਣਾਉਂਦਿਆਂ ਸੰਸਥਾ ਧਰਮ, ਜਾਤ ਜਾਂ ਵਰਗ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ। ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਕੌਂਸਲ ਵਲੋਂ 25 ਹਜ਼ਾਰ ਤੋਂ ਲੈ ਕੇ 40 ਹਜ਼ਾਰ ਤੱਕ ਹਰ ਵਿਦਿਆਰਥੀ ਨੂੰ ਵਜੀਫਾ ਦਿੱਤਾ ਗਿਆ । ਖਾਸ ਤੌਰ ਤੇ ਉਹ ਵਿਦਿਆਰਥੀ ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਸਨੂੰ ਘੱਟੋ ਘੱਟ 40 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਗਿਆ ਹੈ।