ਪੁਰਖਾਲੀ, 12 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਖਾਨਪੁਰ ਨੇੜੇ ਮੁੱਖ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਖਾਨਪੁਰ ਵਿਖੇ ਗੁੱਜਰ ਭਾਈਚਾਰੇ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਘਰਾਂ ਦਾ ਗੰਦਾ ਪਾਣੀ ਅਤੇ ਪਸ਼ੂਆਂ ਦਾ ਮਲ-ਮੂਤਰ ਸਿੱਧਾ ਸੜਕ ਉਤੇ ਆ ਰਿਹਾ ਹੈ। ਇਸ ਕਾਰਨ ਪੂਰੀ ਸੜਕ ਚਿੱਕੜ ਅਤੇ ਗੰਦਗੀ ਦੇ ਢੇਰ ਵਿਚ ਤਬਦੀਲ ਹੋ ਚੁੱਕੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਲਾਕੇ ਦੀ ਨਾਮਵਰ ਅਤੇ ਵਕਾਰੀ ਵਿੱਦਿਅਕ ਸੰਸਥਾ ‘ਕੇਂਦਰੀ ਵਿਦਿਆਲਾ ਖ਼ਾਨਪੁਰ’ ਇਸ ਗੰਦਗੀ ਵਾਲੀ ਜਗ੍ਹਾ ਤੋਂ ਮਹਿਜ਼ ਕੁੱਝ ਹੀ ਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੜਕ ‘ਤੇ ਖੜ੍ਹੇ ਬਦਬੂਦਾਰ ਗੰਦੇ ਪਾਣੀ ਤੇ ਚਿੱਕੜ ਕਾਰਨ ਰੋਜ਼ਾਨਾ ਸਕੂਲ ਆਉਣ-ਜਾਣ ਵਾਲੇ ਛੋਟੇ-ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਲੰਘਣ ਵੇਲੇ ਨਰਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦਗੀ ਕਾਰਨ ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਲਗਾਤਾਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਮੁੱਖ ਸੜਕ ਇਸ ਪੂਰੇ ਇਲਾਕੇ ਨੂੰ ਰੂਪਨਗਰ ਸ਼ਹਿਰ, ਘਨੌਲੀ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਨਾਲਾਗੜ੍ਹ ਆਦਿ ਨਾਲ ਵੀ ਜੋੜਦੀ ਹੈ। ਰੋਜ਼ਾਨਾ ਕਾਫੀ ਗਿਣਤੀ ਵਿਚ ਵਾਹਨ ਅਤੇ ਰਾਹਗੀਰ ਇਸ ਮਾਰਗ ਤੋਂ ਗੁਜ਼ਰਦੇ ਹਨ, ਪਰ ਸੜਕ ਦੀ ਇਸ ਮਾੜੀ ਹਾਲਤ ਕਾਰਨ ਹਰ ਵੇਲੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਸਥਾਈ ਹੱਲ ਕੱਢਿਆ ਜਾਵੇ, ਸੜਕ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਸਕੂਲੀ ਬੱਚਿਆਂ ਤੇ ਆਮ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।