ਨੂਰਪੁਰ ਬੇਦੀ, 13 ਜੁਲਾਈ (ਵਿੰਦਰਪਾਲ ਝਾਂਡੀਆਂ)-ਪੇਂਡੂ ਵਿਕਾਸ ਪੰਚਾਇਤ ਵਿਭਾਗ ਪੰਜਾਬ ਵਲੋਂ ਪਿਛਲੇ 43 ਦਿਨਾਂ ਤੋਂ ਆਪਣੀਆ ਸੇਵਾਵਾਂ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਕਲਮ ਛੋੜ ਹੜਤਾਲ ਕਰਕੇ ਧਰਨੇ ’ਤੇ ਬੈਠੇ ਨਰੇਗਾ ਮੁਲਾਜ਼ਮ ਨੂੰ ਹੜਤਾਲ ਖਤਮ ਕਰਕੇ ਡਿਊਟੀ ਤੇ ਹਾਜ਼ਰ ਹੋਣ ਲਈ ਅਤੇ ਨੋਕਰੀਆਂ ਤੋਂ ਕੱਢਣ ਦਾ ਡਰਾਵਾ ਦੇਣ ਲਈ ਕੱਢੇ ਮਾਰੂ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਅੱਜ ਨਰੇਗਾ ਮੁਲਾਜ਼ਮ ਨੇ ਨੂਰਪੁਰ ਬੇਦੀ ਵਿਖੇ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਭਾਗ ਤੇ ਸਰਕਾਰ ਖਿਲਾਫ਼ ਜੰਮਕੇ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ ਨੇ ਕਿਹਾ ਕਿ ਨਰੇਗਾ ਮੁਲਾਜ਼ਮ ਪਿਛਲੇ 43 ਦਿਨਾਂ ਤੋਂ ਹੜਤਾਲ ਕਰਕੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਸਰਕਾਰ ਤੋਂ ਮਨਾਉਣ ਲਈ ਬੈਠੇ ਹੋਏ ਹਨ। ਉਨਾਂ ਦੱਸਿਆ ਕਿ ਪਿੰਡਾਂ ਵਿਚ 70% ਵਿਕਾਸ ਨਰੇਗਾ ਤਹਿਤ ਹੋਇਆ ਹੈ, ਪਰ ਜਦੋਂ ਨਰੇਗਾ ਮੁਲਾਜ਼ਮਾਂ ਦੇ ਪੱਕੇ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸਰਕਾਰ ਪਾਸੋ ਲਾਰਿਆਂ ਤੋਂ ਸਿਵਾਏ ਕੁਛ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸਰਕਾਰ ਉਲਟਾ ਮੁਲਾਜ਼ਮਾਂ ਨੂੰ ਨੌਕਰੀਆਂ ਕੱਢਣ ਦੀਆਂ ਧਮਕੀਆਂ ਦੇ ਰਹੀ ਹੈ ਅਤੇ ਪੱਤਰ ਜਾਰੀ ਕਰ ਰਹੀ ਹੈ ਕਿ ਬੀ ਜੀ ਰਾਮ ਜੀ ਵਿਚ ਜੁਆਇਨ ਕਰੋ, ਪ੍ਰੰਤੂ ਮੁਲਾਜ਼ਮਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 15 ਨੂੰ ਖੰਨਾ ਵਿਖੇ ਸਰਕਾਰ ਖਿਲਾਫ਼ ਲਾਮਿਸਾਲ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜੋ ਸਰਕਾਰ ਦੀਆਂ ਜੜਾਂ ਹਿਲਾ ਦੇਵੇਗੀ। ਇਸ ਰੈਲੀ ਵਿਚ ਪੂਰੇ ਪੰਜਾਬ ਵਿੱਚੋਂ ਮਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਜਿਸ ਦਾ ਇਕੱਠ ਹਜ਼ਾਰਾ ਵਿਚ ਹੋਵੇਗਾ। ਉਪਰੰਤ ਮੁਲਾਜ਼ਮਾਂ ਨੂੰ ਕੱਢੇ ਗਏ ਮਾਰੂ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ, ਬਲਾਕ ਪ੍ਰਧਾਨ ਜਿੰਦਰਪਾਲ, ਪ੍ਰੈਸ ਸਕੱਤਰ ਸਤਨਾਮ ਸਿੰਘ ਅਬਿਆਣਾ, ਜਸਪਾਲ ਸਿੰਘ ਗਰੇਵਾਲ, ਰੋਹਿਤ ਕੁਮਾਰ, ਰਵੀ ਕੁਮਾਰ, ਮਨਦੀਪ ਸਿੰਘ ਚਨੌਲੀ, ਰਕੇਸ਼ ਕੁਮਾਰ, ਰਾਜ ਕੁਮਾਰ ਸੈਣੀ, ਜਗਜੀਤ ਸਿੰਘ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।