ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਰੂਪਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵਲੋਂ ਗਊਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੂੰ ਸੂਚਨਾ ਦਿੱਤੀ ਗਈ ਕਿ ਵਾਰਡ ਨੰਬਰ-12 ਵਿਚ ਦੋ ਸਾਂਢ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਪਏ ਹਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ। ਸੂਚਨਾ ਮਿਲਦਿਆਂ ਹੀ ਗਊਸ਼ਾਲਾ ਦੇ ਗੁਆਲਿਆਂ ਦੀ ਟੀਮ ਟਰੈਕਟਰ-ਟਰਾਲੀ ਸਮੇਤ ਮੌਕੇ ’ਤੇ ਪਹੁੰਚੀ। ਉੱਥੇ ਜਾ ਕੇ ਪਤਾ ਲੱਗਿਆ ਕਿ ਇੱਕ ਸਾਂਢ ਕਾਫ਼ੀ ਸਮੇਂ ਤੋਂ ਜ਼ਖ਼ਮੀ ਅਤੇ ਬਿਮਾਰ ਹਾਲਤ ਵਿਚ ਪਿਆ ਹੋਇਆ ਸੀ, ਜਿਸ ਦੇ ਜ਼ਖ਼ਮਾਂ ਵਿਚ ਕੀੜੇ ਪੈ ਚੁੱਕੇ ਸਨ। ਸਾਂਢ ਦਾ ਭਾਰ ਬਹੁਤ ਜ਼ਿਆਦਾ ਹੋਣ ਕਾਰਨ ਉਸ ਨੂੰ ਚੁੱਕਣ ਲਈ ਹਾਈਡਰਾ ਮਸ਼ੀਨ ਦੀ ਮਦਦ ਲੈਣੀ ਪਈ। ਵਾਰਡ ਦੇ ਕੌਂਸਲਰ ਬਾਵਾ ਜੀ ਹਾਈਡਰਾ ਮਸ਼ੀਨ ਲੈ ਕੇ ਮੌਕੇ ’ਤੇ ਪਹੁੰਚੇ। ਹਾਈਡਰਾ ਦੀ ਮਦਦ ਨਾਲ ਸਾਂਡ ਨੂੰ ਸੁਰੱਖਿਅਤ ਢੰਗ ਨਾਲ ਟਰਾਲੀ ਵਿਚ ਚੜ੍ਹਾ ਕੇ ਗਊਸ਼ਾਲਾ ਲਿਆਂਦਾ ਗਿਆ, ਜਿੱਥੇ ਵੈਟਰਨਰੀ ਡਾਕਟਰ ਵਲੋਂ ਉਸ ਦਾ ਇਲਾਜ ਸ਼ੁਰੂ ਕਰਵਾਇਆ ਜਾਵੇਗਾ। ਗਊਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਰੂਪਨਗਰ ਨਗਰ ਨਿਗਮ ਦੀ ਹੱਦ ਅੰਦਰ ਕਿਤੇ ਵੀ ਕੋਈ ਗਊ, ਬਲਦ ਜਾਂ ਸਾਂਢ ਜ਼ਖ਼ਮੀ ਜਾਂ ਬਿਮਾਰ ਹਾਲਤ ਵਿਚ ਨਜ਼ਰ ਆਵੇ ਤਾਂ ਉਸ ਨੂੰ ਗਊਸ਼ਾਲਾ ਤੱਕ ਪਹੁੰਚਾਉਣ ਵਿਚ ਸਹਿਯੋਗ ਕਰਨ ਜਾਂ ਤੁਰੰਤ ਗਊਸ਼ਾਲਾ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਉਸ ਦਾ ਇਲਾਜ ਕੀਤਾ ਜਾ ਸਕੇ।