ਮੋਰਿੰਡਾ, 21 ਜੁਲਾਈ (ਤਰਲੋਚਨ ਸਿੰਘ ਕੰਗ)-ਇਸ ਸਾਲ ਬਰਸਾਤ ਭਾਵੇਂ ਬਹੁਤ ਘੱਟ ਪਈ ਹੈ, ਪਰ ਜਿੰਨੀ ਕੁ ਵੀ ਪਈ ਹੈ, ਸ਼ਹਿਰ ਵਿਚ ਉਸ ਨਾਲ ਆਵਾਜਾਈ ਠੱਪ ਹੋ ਜਾਂਦੀ ਹੈ ਤੇ ਗੰਦੇ ਪਾਣੀ ਨਾਲ ਗਲੀਆਂ ਭਰ ਜਾਂਦੀਆਂ ਹਨ। ਕੂੜੇ ਦੇ ਢੇਰ ਮੀਂਹ ਦੇ ਪਾਣੀ ਨਾਲ ਹੜ ਕੇ ਲੋਕਾਂ ਦੇ ਬੂਹੇ ਅੱਗੇ ਜਾ ਲੱਗਦੇ ਹਨ, ਪਰ ਨਗਰ ਕੌਂਸਲ ਮੋਰਿੰਡਾ ਸਫ਼ਾਈ ਪ੍ਰਬੰਧਾਂ, ਗੰਦੇ ਪਾਣੀ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਇਸ ਸਰਕਾਰ ਵਿਚ ਸ਼ਹਿਰ ਦੇ ਵਿਕਾਸ ਦੀ ਗੱਲ ਤਾਂ ਬੜੀ ਦੂਰ ਸ਼ਹਿਰ ਵਾਸੀ ਸਫਾਈ ਨੂੰ ਵੀ ਤਰਸ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਿੰਦਰ ਸਿੰਘ ਹੈਲੀ, ਸੁਖਬੀਰ ਸਿੰਘ ਯੂ.ਕੇ., ਭਾਜਪਾ ਆਗੂ ਜਤਿੰਦਰ ਗੁੰਬਰ, ਡਾ. ਨਿਰਮਲ ਧੀਮਾਨ, ਬਲਵੀਰ ਸਿੰਘ ਸੱਲ੍ਹ, ਪਰਮਿੰਦਰ ਸਿੰਘ ਢੀਂਡਸਾ, ਠੇਕੇਦਾਰ ਲਾਲ ਸਿੰਘ, ਅਵਤਾਰ ਸਿੰਘ ਸੱਲ੍ਹ, ਵਰਿੰਦਰ ਸਿੰਘ ਹੈਪੀ, ਪਰਮਜੀਤ ਸਿੰਘ ਗਿੱਲ, ਸੁਖਵਿੰਦਰ ਕੌਰ ਗਿੱਲ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਆਦਿ ਅਨੇਕਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਗਰ ਸਫਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ ਹੈ ਤਾਂ ਨਗਰ ਕੌਂਸਲ ਦੇ ਕਰਮਚਾਰੀ ਤੇ ਅਧਿਕਾਰੀ ਆਪਣੀ ਕੀ ਡਿਊਟੀ ਕਰ ਰਹੇ ਹਨ? ਜਾਂ ਫਿਰ ਇਹ ਸਿਰਫ ਕਰਮਚਾਰੀ-ਅਧਿਕਾਰੀ ਸਿਰਫ ਤਨਖਾਹਾਂ ਲੈਣ ਹੀ ਆਉਂਦੇ ਹਨ ਤੇ ਤਨਖਾਹਾਂ ਲੈ ਕੇ ਮੋਹਾਲੀ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਚਲੇ ਜਾਂਦੇ ਹਨ। ਕਿਉਂਕਿ ਇਨ੍ਹਾਂ ਅਧਿਕਾਰੀਆਂ ਦੀ ਜਿਆਦਾਤਰ ਰਿਹਾਇਸ਼ ਵੱਡੇ ਸ਼ਹਿਰਾਂ ਵਿਚ ਹੈ। ਇਸੇ ਸਬੰਧ ਵਿਚ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਦਾ ਕਹਿਣਾ ਹੈ ਕਿ ਕਾਰਜਸਾਧਕ ਅਫਸਰ ਦੀ ਡਿਊਟੀ ਮੋਰਿੰਡਾ ਵਿਚ ਰਹਿਣ ਦੀ ਹੁੰਦੀ ਹੈ ਪਰ ਜਦੋਂ ਵੀ ਕਾਰਜ ਸਾਧਕ ਅਫ਼ਸਰ ਇੱਥੇ ਡਿਊਟੀ ਕਰਨ ਆਉਂਦੇ ਹਨ, ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਬਿਲਕੁਲ ਨਹੀਂ ਕਰਦੇ। ਉਹਨਾਂ ਕਿਹਾ ਕਿ ਸੈਨੇਟਰੀ ਇੰਸਪੈਕਟਰ ਤੇ ਪੱਕੇ ਮੁਲਾਜ਼ਮ ਸਫਾਈ ਕਰਵਾਉਣ ਵਿਚ ਕੋਈ ਯੋਗਦਾਨ ਨਹੀਂ ਪਾ ਰਹੇ ਉਲਟਾ ਕੱਚੇ ਮੁਲਾਜ਼ਮਾਂ ਦੀ ਡਟ ਕੇ ਹਮਾਇਤ ਕਰ ਰਹੇ ਹਨ। ਉਪਰੋਕਤ ਵਿਅਕਤੀਆਂ ਨੇ ਨਗਰ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਤੋਂ ਮੰਗ ਕੀਤੀ ਹੈ ਕਿ ਉਹ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਨੂੰ ਠੀਕ-ਠਾਕ ਕਰਨ ਲਈ ਛੇਤੀ ਉਪਰਾਲਾ ਕਰਨ ਤਾਂ ਜੋ ਮੋਰਿੰਡਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।