ਰੂਪਨਗਰ, 23 ਜੁਲਾਈ (ਯਸ਼ਵੰਤ ਬੱਸੀ)-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਾਰਿਕਾ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਮਲਟੀ ਪਰਪਜ਼ ਫੀਮੇਲ ਸੁਪਰਵਾਈਜ਼ਰਾਂ ਨਾਲ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਚੱਲ ਰਹੀ ਐਚ.ਪੀ.ਵੀ. ਟੀਕਾਕਰਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਫੀਲਡ ਸਟਾਫ਼ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਾ. ਸਾਰਿਕਾ ਨੇ ਦੱਸਿਆ ਕਿ 14 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਅਤੇ 15 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਦੀਆਂ ਸਾਰੀਆਂ ਯੋਗ ਬੱਚੀਆਂ ਲਈ ਐਚ.ਪੀ.ਵੀ. ਵੈਕਸੀਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਇਕ ਆਮ ਵਾਇਰਸ ਹੈ, ਜੋ ਅੱਗੇ ਚੱਲ ਕੇ ਸਰਵਾਈਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ, ਪਰ ਸਮੇਂ ਸਿਰ ਲਗਾਇਆ ਗਿਆ ਐਚ.ਪੀ.ਵੀ. ਟੀਕਾ ਇਸ ਬਿਮਾਰੀ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਟੀਕਾ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਬੱਚੀ ਟੀਕਾਕਰਨ ਤੋਂ ਵਾਂਝੀ ਨਾ ਰਹੇ। ਮੀਟਿੰਗ ਦੌਰਾਨ ਡਾ. ਸਾਰਿਕਾ ਨੇ ਵਿਸ਼ੇਸ਼ ਤੌਰ ’ਤੇ ਸਕੂਲਾਂ ਵਿਚ ਜਾ ਕੇ ਅਧਿਆਪਕਾਂ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐਚਪੀਵੀ ਵੈਕਸੀਨ ਦੇ ਲਾਭਾਂ ਬਾਰੇ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਇਸ ਟੀਕਾਕਰਨ ਮੁਹਿੰਮ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਐਚ.ਪੀ.ਵੀ. ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਭਵਿੱਖ ਵਿਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਇਕ ਪ੍ਰਭਾਵਸ਼ਾਲੀ ਸੁਰੱਖਿਆ ਕਵਚ ਹੈ। ਉਨ੍ਹਾਂ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਹਿੱਤ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਜ਼ਿਲ੍ਹੇ ਦੀ ਹਰ ਯੋਗ ਬੱਚੀ ਨੂੰ ਐਚ.ਪੀ.ਵੀ. ਵੈਕਸੀਨ ਲਗਵਾਉਣ ਵਿਚ ਆਪਣਾ ਯੋਗਦਾਨ ਪਾਉਣ।