ਨੰਗਲ, 26 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਕਰਮਯੋਗੀ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਸਰਪ੍ਰਸਤੀ ਹੇਠ ਨੇੜ ਭਵਿੱਖ ‘ਚ ਗੋਬਿੰਦ ਸਾਗਰ ‘ਚੋਂ ਸਿਲਟ ਕੱਢਣ ਦੀ ਵੱਡੀ ਯੋਜਨਾ ਲਾਗੂ ਹੋਵੇਗੀ। ਤਿੰਨ ਵੱਡੇ ਅਦਾਰੇ ਸਿਲਟ ਕੱਢਣ ਲਈ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ ਇਕ ਦਾ ਸਬੰਧ ਮੁੰਬਈ ਨਾਲ ਹੈ। ਸਿਲਟ ਕੱਢਣ ਦੀ ਸ਼ੁਰੂਆਤ ਸੀਰ ਖੱਡ (ਬਿਲਾਸਪੁਰ) ਤੋਂ ਹੋਵੇਗੀ। ਚੇਤੇ ਰਹੇ ਕਿ ਭਾਖੜਾ ਡੈਮ ਦੀ ਉਸਾਰੀ ਦਾ ਕੰਮ 1948-1963 ਦਰਮਿਆਨ ਹੋਇਆ ਅਤੇ ਭਾਖੜਾ ਡੈਮ ਦੀ ਉਮਰ 400 ਸਾਲ ਮਿਥੀ ਗਈ ਸੀ। ਹਿਮਾਚਲ ਪ੍ਰਦੇਸ਼ ‘ਚ ਨਿਰੰਤਰ ਹੋ ਰਹੀ ਭੌਂ ਖੌਰ, ਘੱਟ ਰਹੇ ਜੰਗਲ, ਰੇਲ ਅਤੇ ਵੱਡੇ ਸੜਕ ਪ੍ਰਾਜੈਕਟਾਂ, ਧੜਾਧੜ ਹੋ ਰਹੇ ਨਿਰਮਾਣ ਕਾਰਜਾਂ ਨੇ ਭਾਖੜਾ ਡੈਮ ਦੀ ਉਮਰ ਤਕਰੀਬਨ 50 ਵਰ੍ਹੇ ਘਟਾਅ ਦਿੱਤੀ ਹੈ, ਕਿਉਂਕਿ ਝੀਲ ਦਾ ਆਕਾਰ ਨਿਰੰਤਰ ਸੁੰਗੜ ਰਿਹਾ ਹੈ। ਪਹਿਲਾਂ ਇਹ ਰਿਪੋਰਟਾਂ ਆਈਆਂ ਸਨ ਕਿ ਭਾਖੜਾ ਡੈਮ ਦੀ 65 ਵਰਗ ਮੀਲ ਖੇਤਰ ‘ਚ ਫੈਲੀ ਝੀਲ “ ਗੋਬਿੰਦ ਸਾਗਰ” ਦਾ 26% ਹਿੱਸਾ ਮਿੱਟੀ ਨਾਲ ਭਰ ਗਿਆ ਹੈ ਪਰ ਨਵੀਂ ਸੱਟਡੀ ‘ਚ ਗੱਲ ਸਾਹਮਣੇ ਆਈ ਹੈ ਕਿ ਝੀਲ ਦਾ 19% ਹਿੱਸਾ ਹੀ ਸਿਲਟ ਨਾਲ ਭਰਿਆ ਹੈ। ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਰੱਖਦੀ ਹੈ । “ ਗੋਬਿੰਦ ਸਾਗਰ” ਸਾਗਰ ‘ਚੋਂ ਸਿਲਟ ਕੱਢਣ ਦੇ ਯਤਨ ਲੰਬੇ ਸਮੇਂ ਤੋਂ ਹੋ ਰਹੇ ਹਨ। ਬੀ.ਬੀ.ਐਮ.ਬੀ. ਦੀ ਸਾਬਕਾ ਚੇਅਰਮੈਨ ਸੰਜੇ ਸ੍ਰੀਵਾਸਤਵਾ ਨੇ ਗਲੋਬਲ ਟੈਂਡਰ ਕੱਢਣ ਦੀ ਗੱਲ ਕਹੀ ਸੀ ਪਰ ਮਾਮਲਾ ਲਟਕਦਾ ਹੀ ਰਿਹਾ। ਇੱਕ ਸਵਾਲ ਇਹ ਵੀ ਸੀ ਕਿ ਏਨੀ ਸਿਲਟ ਰੱਖਣੀ ਕਿੱਥੇ ਹੈ? ਬੀ.ਬੀ.ਐਮ.ਬੀ. ‘ਚ ਪੰਜਾਬ. ਹਰਿਆਣਾ, ਰਾਜਸਥਾਨ ਦੀ ਹਿੱਸੇਦਾਰੀ ਹੈ ਅਤੇ ਆਮ ਸਹਿਮਤੀ ਵੀ ਸੌਖੀ ਨਹੀਂ ਹੁੰਦੀ। ਸਿਲਟ ਕੱਢਣ ਨਾਲ ਝੀਲ ‘ਚ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਵਧੇਗੀ ਅਤੇ ਪੰਜਾਬ ਲਈ ਹੜ੍ਹਾਂ ਦਾ ਖ਼ਤਰਾ ਵੀ ਘਟੇਗਾ, ਭਾਵੇਂ ਇਸ ਯੋਜਨਾ ਨਾਲ ਸਵਾ ਨਦੀ ਅਤੇ ਨੰਗਲ-ਰੂਪਨਗਰ ਦਰਮਿਆਨ ਸਥਿਤ 58 ਖੱਡਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਨੇੜ ਭਵਿੱਖ ‘ਚ ਅਜਿਹੀ ਸੰਭਾਵਨਾ ਹੈ, ਕਿ ਸਿਲਟ ਦੀ ਵਰਤੋਂ ਵੱਖ ਵੱਖ ਵਪਾਰਕ/ ਨਿਰਮਾਣ ਕਾਰਜਾਂ ਲਈ ਹੋਵੇ। ਇਸ ਯੋਜਨਾ ਨਾਲ ਹਿਮਾਚਲ ਸਰਕਾਰ ਨੂੰ ਵੱਡਾ ਵਿੱਤੀ ਲਾਭ ਹੋਵੇਗਾ। ਇਹ ਵੀ ਕੌੜਾ ਸੱਚ ਹੈ ਕਿ ਹਿਮਾਚਲ ਸਰਕਾਰ ਨੇ ਅਜਿਹਾ ਕੋਈ ਵੀ ਵੱਡਾ ਫ਼ੈਸਲਾ ਲਾਗੂ ਨਹੀਂ ਕੀਤਾ ਜਿਹੜਾ ਸਰਕਾਰੀ ਏਜੰਸੀਆਂ ਅਤੇ ਲੋਕਾਂ ਨੂੰ ਝੀਲ ‘ਚ ਮਲਬਾ ਸੁੱਟਣੋਂ ਰੋਕਦਾ ਹੋਵੇ। ਪਿਛਲੇ ਦਿਨੀਂ ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ ਅਤੇ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ.ਸਿੰਘ ਨੇ ਆਈ.ਆਈ. ਟੀ. ਰੂਪਨਗਰ ਦਾ ਦੌਰਾ ਵੀ ਕੀਤਾ ਸੀ, ਜਿਹੜੀ ਇਸ ਅਹਿਮ ਪ੍ਰਾਜੈਕਟ ਲਈ “ਲਾਈਟ ਹਾਊਸ” ਵਾਂਗ ਕੰਮ ਕਰ ਰਹੀ ਹੈ । ਬੀ.ਬੀ.ਐਮ.ਬੀ. 95 ਫੁੱਟ ਉਚੇ ਨੰਗਲ ਡੈਮ ਪਿੱਛੇ ਸਥਿਤ “ਰਾਮਸਰ ਸਾਈਟ, ਅੰਤਰਰਾਸ਼ਟਰੀ ਜਲਗਾਹ” ‘ਚ ਸਿਲਟ ਭਰਨ ਕਾਰਨ ਵੀ ਚਿੰਤਿਤ ਹੈ। ਜੰਗਲਾਤ ਵਿਭਾਗ, ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਆਗਿਆ ਲੈ ਕੇ ਚਾਰ ਸਕੇਅਰ ਕਿ.ਮੀ. ‘ਚ ਫੈਲੇ ਇਸ ਖ਼ਿੱਤੇ ‘ਚੋਂ ਵੀ ਸਿਲਟ ਕੱਢੀ ਜਾਣੀ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਰੈਜਰਵਾਇਰ ਮੈਨੇਜਮੈਂਟ ਵੀ ਨਿਰੰਤਰ ਨਿਘਾਰ ਵੱਲ ਜਾ ਰਿਹਾ ਹੈ। ਇੱਕ ਦੌਰ ਸੀ ਆਰ.ਐਮ.ਡਵੀਜ਼ਨ ਕੋਲ ਬਹੁਤ ਜ਼ਿਆਦਾ ਸਟਾਫ਼ ਸੀ। ਇਹ ਸਟਾਫ਼ ਨਾ ਸਿਰਫ਼ ਹਰ ਵਰ੍ਹੇ ਝੀਲ ਕੰਢੇ ਹਜ਼ਾਰਾਂ ਪੌਦੇ ਲਾ ਕੇ ਭੌਰ ਖੌਰ ਰੋਕਦਾ ਸੀ ਸਗੋਂ ਨਜਾਇਜ਼ ਕਬਜ਼ੇ ਕਰਨ ਵਾਲੇ/ਝੀਲ ਪ੍ਰਦੂਸ਼ਿਤ ਕਰਨ ਵਾਲੇ ਥਰ-ਥਰ ਕੰਬਦੇ ਸਨ।