ਬੱਚਿਆਂ ’ਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਡੀਵਾਰਮਿੰਗ ਪ੍ਰਭਾਵਸ਼ਾਲੀ ਬਚਾਅ-ਡਾ. ਬੋਬੀ ਗੁਲਾਟੀ
ਰੂਪਨਗਰ, 7 ਅਗਸਤ (ਯਸ਼ਵੰਤ ਬੱਸੀ)-ਸਿਹਤ ਵਿਭਾਗ ਰੂਪਨਗਰ ਵਲੋਂ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪੋਸਟਰ ਸਿਵਲ ਸਰਜਨ ਡਾ. ਬੌਬੀ ਗੁਲਾਟੀ ਵਲੋਂ ਜਾਰੀ ਕੀਤਾ ਗਿਆ।
ਰੂਪਨਗਰ, 7 ਅਗਸਤ (ਯਸ਼ਵੰਤ ਬੱਸੀ)-ਸਿਹਤ ਵਿਭਾਗ ਰੂਪਨਗਰ ਵਲੋਂ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪੋਸਟਰ ਸਿਵਲ ਸਰਜਨ ਡਾ. ਬੌਬੀ ਗੁਲਾਟੀ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 10 ਅਗਸਤ ਨੂੰ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਟ ਦੇ ਕੀੜੇ ਬੱਚਿਆਂ ਦੀ ਸਿਹਤ ’ਤੇ ਗੰਭੀਰ ਪ੍ਰਭਾਵ ਪਾਉਂਦੇ ਹਨ, ਜਿਸ ਕਾਰਨ ਪੋਸ਼ਣ ਦੀ ਘਾਟ, ਖੂਨ ਦੀ ਕਮੀ, ਸਰੀਰਕ ਕਮਜ਼ੋਰੀ ਅਤੇ ਪੜ੍ਹਾਈ ਵਿਚ ਰੁਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦੀ ਰੋਕਥਾਮ ਲਈ ਸਰਕਾਰ ਵਲੋਂ ਹਰ ਸਾਲ ਵਿਸ਼ੇਸ਼ ਮੁਹਿੰਮ ਚਲਾ ਕੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਡੀਵਾਰਮਿੰਗ (ਕੀੜੇ ਮਾਰਨ ਵਾਲੀ) ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਦਵਾਈ ਦੇਣ ਦੇ ਨਾਲ-ਨਾਲ ਨਿੱਜੀ ਸਫ਼ਾਈ, ਖਾਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਤੇ ਸਾਫ਼-ਸੁਥਰਾ ਰਹਿਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਇਆ ਜਾ ਸਕੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਰਧਾਰਤ ਦਿਨ ਡੀਵਾਰਮਿੰਗ ਦੀ ਦਵਾਈ ਜ਼ਰੂਰ ਦਿਵਾਉਣ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਪੂਰਾ ਸਹਿਯੋਗ ਕਰਨ। ਸਿਹਤ ਵਿਭਾਗ ਵਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਸੁੱਚਤਾ, ਸਿਹਤਮੰਦ ਆਦਤਾਂ ਅਤੇ ਸਮੇਂ ਸਿਰ ਡੀਵਾਰਮਿੰਗ ਦਵਾਈ ਹੀ ਪੇਟ ਦੇ ਕੀੜਿਆਂ ਤੋਂ ਪ੍ਰਭਾਵਸ਼ਾਲੀ ਬਚਾਅ ਦਾ ਸਭ ਤੋਂ ਵਧੀਆ ਉਪਾਅ ਹੈ।