24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਤਲੁਜ ਪ੍ਰਦੂਸ਼ਣ ਮਾਮਲਾ: ਐਫ. ਆਈ. ਆਰ. ਤੋਂ ਬਾਅਦ ਹਿਮਾਚਲ ਤੱਕ ਪਹੁੰਚੀ ਪੁਲਿਸ ਜਾਂਚ ਸਰਸਾ ਨਦੀ ਕੰਢੇ ਉਦਯੋਗਿਕ ਖੇਤਰਾਂ ਦੀ ਵੀਡੀਓਗ੍ਰਾਫੀ, ਕਿਸਾਨ ਜਥੇਬੰਦੀਆਂ ਤੇ ਪੰਜਾਬ ਮੋਰਚਾ ਵਲੋਂ ਐਫ. ਆਈ. ਆਰ. ਦਾ ਸਵਾਗਤ

ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਹੈੱਡਵਰਕਸ ਨੇੜੇ ਸਤਲੁਜ ਦਰਿਆ ਵਿਚ ਕਥਿਤ ਤੌਰ ‘ਤੇ ਪਹੁੰਚ ਰਹੇ ਉਦਯੋਗਿਕ ਕੂੜੇ ਅਤੇ ਹੋਰ ਪ੍ਰਦੂਸ਼ਿਤ ਸਮਗਰੀ ਦੇ ਮਾਮਲੇ ਵਿਚ ਸਿਟੀ ਥਾਣਾ ਰੂਪਨਗਰ ਵਿਖੇ ਐਫ. ਆਈ.

Ad Position 21
No active advertisement
ਅਜੀਤ ਡੈਸਕ 24-08-2026
ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਹੈੱਡਵਰਕਸ ਨੇੜੇ ਸਤਲੁਜ ਦਰਿਆ ਵਿਚ ਕਥਿਤ ਤੌਰ ‘ਤੇ ਪਹੁੰਚ ਰਹੇ ਉਦਯੋਗਿਕ ਕੂੜੇ ਅਤੇ ਹੋਰ ਪ੍ਰਦੂਸ਼ਿਤ ਸਮਗਰੀ ਦੇ ਮਾਮਲੇ ਵਿਚ ਸਿਟੀ ਥਾਣਾ ਰੂਪਨਗਰ ਵਿਖੇ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਿਸ ਜਾਂਚ ਤੇਜ਼ ਹੋ ਗਈ ਹੈ। ਮਾਮਲੇ ਦੀ ਜਾਂਚ ਹੁਣ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਗਈ ਹੈ। ਰੂਪਨਗਰ ਪੁਲਿਸ ਦੀਆਂ ਟੀਮਾਂ ਨੇ ਪੰਜਾਬ-ਹਿਮਾਚਲ ਸਰਹੱਦ ਨਾਲ ਲੱਗਦੇ ਤੇ ਸਰਸਾ ਨਦੀ ਕੰਢੇ ਸਥਿਤ ਉਦਯੋਗਿਕ ਖੇਤਰਾਂ ਦਾ ਦੌਰਾ ਕਰਕੇ ਵੀਡੀਓਗ੍ਰਾਫੀ ਕੀਤੀ ਤੇ ਮੌਕੇ ਤੋਂ ਜਾਂਚ ਨਾਲ ਸਬੰਧਿਤ ਤੱਥ ਇਕੱਠੇ ਕੀਤੇ। ਪੁਲਿਸ ਵਲੋਂ ਰੂਪਨਗਰ ਹੈੱਡਵਰਕਸ ਤੋਂ ਮਿਲੇ ਕਥਿਤ ਉਦਯੋਗਿਕ ਮੈਟੀਰੀਅਲ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ, ਜਿਸ ਨੂੰ ਐਫ.ਆਈ.ਆਰ. ਨਾਲ ਸਬੰਧਿਤ ਕੇਸ ਪ੍ਰਾਪਰਟੀ ਵਜੋਂ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਿਸ ਟੀਮਾਂ ਨੇ ਸਰਸਾ ਨਦੀ ਨਾਲ ਲੱਗਦੇ ਖੇਤਰਾਂ ਦਾ ਸਰਵੇ ਕਰਕੇ ਸਤਲੁਜ ਵਿਚ ਪਹੁੰਚ ਰਹੇ ਕਚਰੇ ਦੇ ਸਰੋਤ ਅਤੇ ਇਸ ਲਈ ਜ਼ਿੰਮੇਵਾਰ ਇਕਾਈਆਂ ਦੀ ਪਛਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ। ਹਿਮਾਚਲ ਦੇ ਸਨਅਤੀ ਖੇਤਰਾਂ ਨਾਲ ਲੱਗਦੇ ਪਿੰਡਾਂ ਦੇ ਲੋਕ ਵੀ ਪ੍ਰੇਸ਼ਾਨ ਪੁਲਿਸ ਦੀ ਕਾਰਵਾਈ ਦੌਰਾਨ ਹਿਮਾਚਲ ਦੇ ਪੰਜਾਬ ਸਰਹੱਦ ਨਾਲ ਲੱਗਦੇ ਮਾਜਰਾ, ਦਬੋਟਾ ਆਦਿ ਪਿੰਡਾਂ ਦੇ ਲੋਕਾਂ ਨੇ ਵੀ ਉਦਯੋਗਿਕ ਪ੍ਰਦੂਸ਼ਣ ਸਬੰਧੀ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਦਾਅਵਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਫ਼ੈਕਟਰੀਆਂ ਦੇ ਪ੍ਰਦੂਸ਼ਣ ਤੋਂ ਪਰੇਸ਼ਾਨ ਹਨ। ਕੁੱਝ ਲੋਕਾਂ ਨੇ ਪਾਣੀ ਦੀ ਗੁਣਵੱਤਾ ਖ਼ਰਾਬ ਹੋਣ ਤੇ ਚਮੜੀ ਤੇ ਐਲਰਜੀ ਸਬੰਧੀ ਸਮੱਸਿਆਵਾਂ ਦਾ ਵੀ ਦਾਅਵਾ ਕੀਤਾ। ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਅਧਿਕਾਰਤ ਜਾਂਚ ਤੇ ਵਿਗਿਆਨਕ ਰਿਪੋਰਟ ਦੀ ਉਡੀਕ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਸ਼ੁਰੂ ਕੀਤੀ ਕਾਰਵਾਈ- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਵੀ ਰੂਪਨਗਰ ਹੈੱਡਵਰਕਸ ਦਾ ਦੌਰਾ ਕਰਕੇ ਜਾਂਚ ਸ਼ੁਰੂ ਕੀਤੀ ਹੈ। ਬੋਰਡ ਵਲੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਲੋੜੀਂਦੇ ਸੈਂਪਲ ਅਤੇ ਹੋਰ ਤੱਥ ਇਕੱਠੇ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਉਦਯੋਗਿਕ ਇਕਾਈ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੇ ਐਫ. ਆਈ. ਆਰ. ਦਾ ਕੀਤਾ ਸਵਾਗਤ- ਸਤਲੁਜ ਪ੍ਰਦੂਸ਼ਣ ਮਾਮਲੇ ਵਿਚ ਦਰਜ ਐਫ. ਆਈ. ਆਰ. ਦਾ ਸੰਯੁਕਤ ਕਿਸਾਨ ਮੋਰਚਾ ਅਤੇ ਵਾਤਾਵਰਨ ਪ੍ਰੇਮੀਆਂ ਨੇ ਸਵਾਗਤ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਕਿਹਾ ਕਿ ਸਤਲੁਜ ਵਿਚੋਂ ਨਿਕਲਣ ਵਾਲੀ ਨਹਿਰ ਵਿਚ ਹਿਮਾਚਲ ਵੱਲੋਂ ਕਥਿਤ ਤੌਰ ‘ਤੇ ਕੂੜਾ-ਕਰਕਟ ਅਤੇ ਕਬਾੜ ਪਹੁੰਚ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮਾਮਲੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਦਲਜੀਤ ਸਿੰਘ ਚਲਾਕੀ, ਸਵਰਨ ਸਿੰਘ ਢੰਗਰਾਲੀ, ਧਰਮਿੰਦਰ ਸਿੰਘ ਕੋਟਲੀ ਅਤੇ ਸਤਨਾਮ ਸਿੰਘ ਮਾਜਰੀ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਖ਼ਤ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਜ਼ਰੂਰੀ ਹੈ। ਪੰਜਾਬ ਮੋਰਚਾ ਨੇ ਕਾਰਵਾਈ ਦਾ ਕੀਤਾ ਸਵਾਗਤ- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਵੀ ਐਫ. ਆਈ. ਆਰ. ਦਰਜ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਮੋਰਚਾ ਵਲੋਂ ਹਿਮਾਚਲ ਤੋਂ ਪੰਜਾਬ ਵੱਲ ਆ ਰਹੇ ਕਥਿਤ ਉਦਯੋਗਿਕ ਪ੍ਰਦੂਸ਼ਣ ਦਾ ਮੁੱਦਾ ਪਹਿਲਾਂ ਵੀ ਉਠਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਫ. ਆਈ. ਆਰ. ਦਰਜ ਹੋਣਾ ਚੰਗੀ ਸ਼ੁਰੂਆਤ ਹੈ, ਪਰ ਜਾਂਚ ਨੂੰ ਤਰਕਸੰਗਤ ਨਤੀਜੇ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਰਾਣਾ ਨੇ ਕਿਹਾ ਕਿ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪ੍ਰਦੂਸ਼ਣ ਦੇ ਸਰੋਤ ਦੀ ਪਛਾਣ ਕਰਨੀ ਚਾਹੀਦੀ ਹੈ। ਜੇਕਰ ਜਾਂਚ ਦੌਰਾਨ ਦੋਸ਼ ਸਾਬਤ ਹੁੰਦੇ ਹਨ ਤਾਂ ਜ਼ਿੰਮੇਵਾਰ ਉਦਯੋਗਿਕ ਇਕਾਈਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਮੋਰਚੇ ਦੀ ਪਿੰਡ ਮੁੰਨੇ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਦੇਸ ਰਾਜ ਸੈਣੀ। ਦੇਸ ਰਾਜ ਸੈਣੀ ਨੇ ਮੁੱਖ ਮੰਤਰੀ ਨਾ...
Ad Position 24