ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਪਿੰਡ ਵਾਸੀਆਂ ਨੇ ਦਿੱਤਾ ਮੰਗ ਪੱਤਰ
ਰੂਪਨਗਰ, 24 ਅਗਸਤ (ਸਤਨਾਮ ਸਿੰਘ ਸੱਤੀ)-ਪਿੰਡ ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਲੰਬੇ ਸਮੇਂ ਤੋਂ ਲਟਕਣ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਨਾ ਹੋਣ ਕਾਰਨ ਪਿੰਡ ਦੇ ਸਮਾਜਿਕ ਤੇ ਸਾਂਝੇ ਕੰਮਾਂ ਲਈ ਲੋੜੀਂਦੀ ਜਗ੍ਹਾ ਦੀ ਵਰਤੋਂ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ।
ਰੂਪਨਗਰ, 24 ਅਗਸਤ (ਸਤਨਾਮ ਸਿੰਘ ਸੱਤੀ)-ਪਿੰਡ ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਲੰਬੇ ਸਮੇਂ ਤੋਂ ਲਟਕਣ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਨਾ ਹੋਣ ਕਾਰਨ ਪਿੰਡ ਦੇ ਸਮਾਜਿਕ ਤੇ ਸਾਂਝੇ ਕੰਮਾਂ ਲਈ ਲੋੜੀਂਦੀ ਜਗ੍ਹਾ ਦੀ ਵਰਤੋਂ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਦਾ ਇਕ ਵਫ਼ਦ ਜਨਵਾਦੀ ਇਸਤਰੀ ਸਭਾ ਰੂਪਨਗਰ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਾ ਦੇਵੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੀ ਗੈਰ-ਹਾਜ਼ਰੀ ’ਚ ਜ਼ਿਲ੍ਹਾ ਮਾਲ ਅਫ਼ਸਰ ਨੂੰ ਮਿਲਿਆ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਜਲਦ ਕਰਵਾਉਣ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਨੇ ਅਧਿਕਾਰੀ ਨੂੰ ਦੱਸਿਆ ਕਿ ਨਿਸ਼ਾਨਦੇਹੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਲ ਵਿਭਾਗ ਵਲੋਂ ਮੌਕੇ ’ਤੇ ਨਿਸ਼ਾਨਦੇਹੀ ਕਰਵਾ ਕੇ ਮਾਮਲੇ ਦਾ ਜਲਦ ਨਿਪਟਾਰਾ ਕੀਤਾ ਜਾਵੇ। ਜ਼ਿਲ੍ਹਾ ਮਾਲ ਅਫ਼ਸਰ ਵਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਜਲਦ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ ਨਿਸ਼ਾਨਦੇਹੀ ਨਾ ਕਰਵਾਈ ਗਈ ਤਾਂ ਪਿੰਡ ਵਾਸੀ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਮੰਗ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕਰਨਗੇ। ਵਫ਼ਦ ਵਿਚ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਹਰਬੰਸ ਕੌਰ ਪੰਚ, ਇਸਤਰੀ ਸਭਾ ਆਗੂ ਪ੍ਰਿਅੰਕਾ, ਪਰਮਜੀਤ ਸਿੰਘ ਪੰਮਾ, ਓਂਕਾਰ ਸਿੰਘ, ਕੇਵਲ ਸਿੰਘ, ਦਲਜੀਤ ਸਿੰਘ ਦੱਲੀ, ਬਲਵੀਰ ਸਿੰਘ, ਰਾਜਵੰਤ ਕੌਰ, ਕੁਲਵਿੰਦਰ ਕੌਰ, ਸੋਨੀਆ, ਬੇਅੰਤ ਕੌਰ, ਨਿਰਮਲਾ ਦੇਵੀ, ਹਰਪ੍ਰੀਤ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।