ਰੂਪਨਗਰ, 20 ਅਕਤੂਬਰ ( ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ, ਯਸ਼ਵੰਤ ਬੱਸੀ)-ਰੂਪਨਗਰ ਸ਼ਹਿਰ ਵਿਚ ਦੁਸਹਿਰੇ ਦਾ ਤਿਉਹਾਰ ਚਾਰ ਵੱਖ-ਵੱਖ ਥਾਵਾਂ ’ਤੇ ਰਵਾਇਤੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਨਾਤਨ ਧਰਮ ਸਭਾ ਵਲੋਂ ਰਾਮਲੀਲ੍ਹਾ ਗਰਾਊਂਡ, ਗਿਆਨੀ ਜ਼ੈਲ ਸਿੰਘ ਨਗਰ ਵਿਖੇ ਜੈ ਜਗਦੰਬੇ ਡਰਾਮੈਟਿਕ ਕਲੱਬ, ਪਾਵਰ ਕਲੋਨੀ ਅਤੇ ਬੇਲਾ ਰੋਡ ਸਥਿਤ ਪੁਰਾਣੇ ਮਕਬਰੇ ਨੇੜੇ ਦੁਸਹਿਰਾ ਸਮਾਗਮ ਕਰਵਾਏ ਗਏ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਕੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਸਮਾਗਮਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਰਾਮਲੀਲ੍ਹਾ ਗਰਾਊਂਡ ’ਚ ਸਨਾਤਨ ਧਰਮ ਸਭਾ ਵਲੋਂ ਮੁੱਖ ਸਮਾਗਮ- ਸਨਾਤਨ ਧਰਮ ਸਭਾ ਵਲੋਂ ਰਾਮਲੀਲ੍ਹਾ ਗਰਾਊਂਡ ਵਿਖੇ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਰਮਾਇਣ ਦੀਆਂ ਸਿੱਖਿਆਵਾਂ ਅੱਜ ਵੀ ਸਾਰਥਕ ਹਨ। ਇਹ ਤਿਉਹਾਰ ਸਾਨੂੰ ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਣ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਇੱਕਜੁੱਟ ਹੋਣ ਦੀ ਪ੍ਰੇਰਨਾ ਦਿੰਦਾ ਹੈ। ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਹੋਵੇ, ਅੰਤ ਵਿਚ ਜਿੱਤ ਚੰਗਿਆਈ ਦੀ ਹੀ ਹੁੰਦੀ ਹੈ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਲੋਕਾਂ ਨੂੰ ਸੱਚ ’ਤੇ ਪਹਿਰਾ ਦੇਣ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਬੁਰਾਈਆਂ ਖ਼ਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਗਈ। ਰਾਮ-ਲੀਲ੍ਹਾ ਕਮੇਟੀ ਵਲੋਂ ਡਾ. ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਰਾਮ-ਲੀਲ੍ਹਾ ਵਿਚ ਅਦਾਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਰਵਿੰਦ ਮਿੱਤਲ, ਬਰਿੰਦਰ ਢਿੱਲੋਂ, ਰਾਜੀਵ ਭਨੋਟ, ਗੁਰਮੁਖ ਸਿੰਘ ਸੈਣੀ, ਪ੍ਰਧਾਨ ਅਸ਼ਵਨੀ ਕੁਮਾਰ ਪੱਪੀ, ਹੇਮ ਕਿਰਨ, ਹਰੀਓਮ ਅਤੇ ਮੁਕੇਸ਼ ਮਹਾਜਨ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਗਰਾਊਂਡ ਦੇ ਬਾਹਰ ਵੱਖ-ਵੱਖ ਦੁਕਾਨਾਂ ਵੀ ਸਜਾਈਆਂ ਗਈਆਂ। ਗਿਆਨੀ ਜ਼ੈਲ ਸਿੰਘ ਨਗਰ ’ਚ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਿਰਕਤ – ਗਿਆਨੀ ਜ਼ੈਲ ਸਿੰਘ ਨਗਰ ਵਿਖੇ ਜੈ ਜਗਦੰਬੇ ਡਰਾਮੈਟਿਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋਂ ਆਪਣੇ ਪਿਤਾ ਦੇ ਹੁਕਮ ਦੀ ਪਾਲਣਾ ਕਰਦਿਆਂ 14 ਸਾਲ ਦਾ ਬਣਵਾਸ ਸਵੀਕਾਰ ਕਰਨਾ ਸਾਨੂੰ ਮਾਪਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਆਗਿਆ ਮੰਨਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਦਰਸ਼ਾਂ ਨੂੰ ਜੀਵਨ ਵਿਚ ਅਪਣਾ ਕੇ ਅਸੀਂ ਸਫਲਤਾ ਹਾਸਲ ਕਰਨ ਦੇ ਨਾਲ-ਨਾਲ ਚੰਗੇ ਸਮਾਜ ਦੀ ਸਿਰਜਣਾ ਵਿਚ ਵੀ ਯੋਗਦਾਨ ਪਾ ਸਕਦੇ ਹਾਂ। ਪਾਵਰ ਕਾਲੋਨੀ ’ਚ ਵਿਦਿਆਰਥੀਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ – ਪਾਵਰ ਕਲੋਨੀ ਵਿਖੇ ਵੀ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਰਘੂਨਾਥ ਸਹਾਇ ਗਲੋਬਲ ਸਮਾਰਟ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਉਪਰੰਤ ਡਾ. ਚੀਮਾ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿਖਾਈ। ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ, ਪ੍ਰਧਾਨ ਰਾਮ ਬਚਨ ਨੋਟਿਆਲ, ਵਿਜੇ ਮਲਗੋਤਰਾ, ਓਮ ਪ੍ਰਕਾਸ਼ ਸ਼ਰਮਾ, ਜਰਨੈਲ ਸਿੰਘ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਮਾਸਟਰ ਅਮਰੀਕ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਕੌਂਸਲਰ ਗੁਰਵਿੰਦਰ ਸਿੰਘ ਬਾਵਾ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਕੌਂਸਲਰ ਅੰਮ੍ਰਿਤਪਾਲ ਸਿੰਘ ਸੋਨੂੰ, ਕੌਂਸਲਰ ਅਵਤਾਰ ਸਿੰਘ, ਜਸਵਿੰਦਰ ਸਿੰਘ ਪਾਬਲਾ, ਰੋਹਿਤ ਤ੍ਰੇਹਨ, ਤਰਨਜੀਤ ਸਿੰਘ ਤਰਨੀ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਘਨੌਲੀ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ–ਘਨੌਲੀ, (ਜਸਵੀਰ ਸਿੰਘ ਸੈਣੀ)- ਸ਼ਿਵ ਸੈਨਾ ਪੰਜਾਬ ਵਲੋਂ ਪਿੰਡ ਦੇ ਪਤਵੰਤੇ ਸੱਜਣਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਸਮੇਸ਼ ਨਗਰ ਘਨੌਲੀ ਵਿਖੇ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਤੇ ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸਰਪੰਚ ਕੁਲਦੀਪ ਸਿੰਘ ਜੇਈ, ਥਾਣਾ ਸਦਰ ਰੂਪਨਗਰ ਦੇ ਐਸ. ਐਚ. ਓ. ਸਨੀ ਖੰਨਾ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਰਪੰਚ ਕੁਲਦੀਪ ਸਿੰਘ ਜੇਈ ਅਤੇ ਬਲਾਕ ਸੰਮਤੀ ਮੈਂਬਰ ਸੰਦੀਪ ਪਰਜਾਪਤ ਨੇ ਸਮੂਹ ਪਿੰਡ ਵਾਸੀਆਂ ਨੂੰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਪ੍ਰਬੰਧਕਾਂ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੰਜੀਵ ਘਨੌਲੀ ਤੇ ਸਚਿਨ ਘਨੌਲੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਸਚਾਈ ਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਘਨੌਲੀ ਵਿਖੇ ਰਾਮ-ਲੀਲ੍ਹਾ ਦਾ ਆਯੋਜਨ ਕਰਨ ਲਈ ਵੀ ਯਤਨ ਕੀਤੇ ਜਾਣਗੇ, ਤਾਂ ਜੋ ਨਵੀਂ ਪੀੜ੍ਹੀ ਨੂੰ ਭਾਰਤੀ ਸਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਿਆ ਜਾ ਸਕੇ। ਇਸ ਮੌਕੇ ਘਨੌਲੀ ਪੁਲਿਸ ਚੌਕੀ ਦੇ ਇੰਚਾਰਜ ਗੁਰਿੰਦਰ ਸਿੰਘ, ਰਾਮ-ਲੀਲ੍ਹਾ ਦੇ ਡਾਇਰੈਕਟਰ ਮਾਸਟਰ ਸਤੀਸ਼ ਕੁਮਾਰ, ਗੌਰਵ ਖੱਤਰੀ, ਗੁਰਪ੍ਰੀਤ ਸਿੰਘ ਰੋਬਨ, ਸਾਬਕਾ ਸਰਪੰਚ ਬਲਜੀਤ ਸਿੰਘ, ਸਾਬਕਾ ਪੰਚ ਸੁਰੇਸ਼ ਕੁਮਾਰ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਪੰਚ ਤਰਲੋਚਨ ਧੀਮਾਨ, ਪੰਚ ਮਨਜੀਤ ਸਿੰਘ ਪਿੰਕਾ, ਪੰਚ ਨਰਿੰਦਰ ਸਿੰਘ ਰਾਜੂ, ਪੰਚ ਪਰਗਟ ਸਿੰਘ, ਸਨੀ, ਸੰਜੂ ਬਾਬਾ, ਸ਼ਿਵ ਕੁਮਾਰ, ਸ਼ੁਭਕਰਨ, ਰਵਿੰਦਰ ਸਿੰਘ ਦੀਪਾ ਅਤੇ ਹੈਪੀ ਸਾਊਂਡ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਮੋਰਿੰਡਾ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਰਾਮ-ਲੀਲ੍ਹਾ ਗਰਾਊਂਡ ਮੋਰਿੰਡਾ ਵਿਖੇ ਪਵਿੱਤਰ ਤਿਉਹਾਰ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਰਾਮ-ਲੀਲ੍ਹਾ ਕਮੇਟੀ ਮੋਰਿੰਡਾ ਵਲੋਂ ਦਸਹਿਰੇ ਦੇ ਤਿਉਹਾਰ ਮੌਕੇ ਕਰਵਾਏ ਕਬੱਡੀ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਨੇ ਦੱਸਿਆ ਕਿ 45 ਕਿੱਲੋ ਵਰਗ ਵਿਚ ਖਹਿਰਾ ਦੀ ਟੀਮ ਨੇ ਬਡਵਾਲੀ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। 55 ਕਿੱਲੋ ਵਰਗ ਵਿਚ ਖਹਿਰਾ ਦੀ ਟੀਮ ਨੇ ਸ਼ਮਸਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ, 70 ਕਿੱਲੋ ਵਰਗ ਵਿਚ ਮੌਲੀ ਬੈਦਵਾਣ ਦੀ ਟੀਮ ਨੇ ਬਜਹੇੜੀ ਨੂੰ ਹਰਾ ਕੇ ਪਹਿਲਾ ਸਥਾਨ ਅਤੇ ਇੱਕ ਪਿੰਡ ਓਪਨ ਵਿਚ ਬਾਬਾ ਗ਼ਾਜ਼ੀ ਦਾਸ ਕਲੱਬ ਧਨੌਰੀ ਦੀ ਟੀਮ ਨੇ ਫਸਵੇਂ ਮੁਕਾਬਲੇ ਵਿਚ ਬਜਹੇੜੀ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਉੱਤੇ ਕਬਜ਼ਾ ਕੀਤਾ। ਇਸ ਮੌਕੇ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬਾਜਵਾ ਸਾਬਕਾ ਕੌਂਸਲ ਪ੍ਰਧਾਨ, ਰਕੇਸ਼ ਕੁਮਾਰ ਬੱਗਾ, ਸੁੱਚਾ ਰਾਮ, ਕੌਂਸਲਰ ਰਜੇਸ਼ ਕੁਮਾਰ, ਰਾਹੁਲ ਸ਼ਰਮਾ, ਕੌਂਸਲਰ ਮਨਦੀਪ ਬਾਜਵਾ, ਰਕੇਸ਼ ਕੁਮਾਰ ਪੁਰੀ, ਪਰਮਜੀਤ ਪੰਮੀ, ਰਮਨ ਭੋਲਾ, ਜੌਲੀ ਸੂਦ, ਜਗਤਾਰ ਸਿੰਘ, ਭਗਵੰਤ ਸਿੰਘ ਸੋਢੀ, ਕਮਲਦੀਪ ਸਿੰਘ ਰੰਧਾਵਾ, ਅਜੈਬ ਸਿੰਘ, ਜਗੀਰ ਸਿੰਘ ਦੁੱਮਣਾ, ਕਮੈਂਟਰੀ ਕੋਚ ਹਰਜੀਤ ਸਿੰਘ ਲਾਲ ਕਲਾਂ, ਸਟੇਜ ਸੰਚਾਲਕ ਕੁਲਬੀਰ ਸਿੰਘ ਸਮਰੌਲੀ, ਧਰਮਪਾਲ ਥੰਮਣ, ਕਰਨੈਲ ਸਿੰਘ ਮੜੌਲੀ, ਠੇਕੇਦਾਰ ਅਜੇ ਕੁਮਾਰ ਰਿੰਕੂ, ਨੀਰਜ ਸ਼ਰਮਾ, ਸ਼ਾਮਲ ਸੂਦ ਅਤੇ ਇਲਾਕਾ ਨਿਵਾਸੀ ਮੌਜੂਦ ਸਨ।