ਨੰਗਲ ਦੇ 30 ਸਾਲ ਪੁਰਾਣੇ ਬੀ.ਬੀ.ਐਮ.ਬੀ. ਲੀਜ਼ ਵਿਵਾਦ ਦਾ ਪੱਕਾ ਹੱਲ ਕਰੇ ਕੇਂਦਰ ਸਰਕਾਰ-ਜੀ.ਡੀ. ਸੋਨੀ
ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਲਗਭਗ ਤਿੰਨ ਦਹਾਕਿਆਂ ਤੋਂ ਲਟਕ ਰਹੇ ਬੀ. ਬੀ.
ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਲਗਭਗ ਤਿੰਨ ਦਹਾਕਿਆਂ ਤੋਂ ਲਟਕ ਰਹੇ ਬੀ.ਬੀ.ਐਮ.ਬੀ. ਲੀਜ਼ ਵਿਵਾਦ ਦੇ ਸਥਾਈ ਹੱਲ ਲਈ ਭਾਜਪਾ ਆਗੂ ਗੋਵਰਧਨ ਸੋਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜ ਕੇ ਵਿਸ਼ੇਸ਼ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੀਜ਼ ਵਿਵਾਦ ਕਾਰਨ ਸ਼ਹਿਰ ਦੇ ਵਿਕਾਸ, ਵਪਾਰਕ ਸਰਗਰਮੀਆਂ ਅਤੇ ਮਕਾਨਾਂ ਦੀ ਮੁਰੰਮਤ ਤੇ ਮੁੜ ਉਸਾਰੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਸੋਨੀ ਨੇ ਕਿਹਾ ਕਿ ਨੰਗਲ ਦੇ ਕਈ ਮਕਾਨ ਬੇਹੱਦ ਜਰਜਰ ਹਾਲਤ ਵਿਚ ਹਨ। ਕੰਧਾਂ ਵਿਚ ਤਰੇੜਾਂ ਅਤੇ ਛੱਤਾਂ ਤੋਂ ਪਲਾਸਟਰ ਡਿੱਗਣ ਕਾਰਨ ਪਰਿਵਾਰਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਿਆ ਹੋਇਆ ਹੈ। ਲੀਜ਼ ਸਬੰਧੀ ਪਾਬੰਦੀਆਂ ਕਾਰਨ ਮਕਾਨਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਵਿਚ ਵੀ ਮੁਸ਼ਕਿਲਾਂ ਆਉਣ ਦੀਆਂ ਸ਼ਿਕਾਇਤਾਂ ਹਨ। ਉਨ੍ਹਾਂ ਮੰਗ ਕੀਤੀ ਕਿ ਮਕਾਨਾਂ ਦਾ ਤਕਨੀਕੀ ਨਿਰੀਖਣ ਕਰਵਾ ਕੇ ਸੁਰੱਖਿਆ ਦੇ ਆਧਾਰ ’ਤੇ ਮੁਰੰਮਤ ਅਤੇ ਮੁੜ ਉਸਾਰੀ ਲਈ ਸਪੱਸ਼ਟ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ, ਬੀ.ਬੀ.ਐਮ.ਬੀ., ਪੰਜਾਬ ਸਰਕਾਰ, ਸਥਾਨਕ ਪ੍ਰਸ਼ਾਸਨ ਅਤੇ ਨਾਗਰਿਕ ਨੁਮਾਇੰਦਿਆਂ ਦੀ ਉੱਚ ਪੱਧਰੀ ਸਾਂਝੀ ਕਮੇਟੀ ਬਣਾਈ ਜਾਵੇ, ਜੋ ਤਿੰਨ ਮਹੀਨਿਆਂ ਵਿਚ ਹੱਲ ਲਈ ਸਿਫ਼ਾਰਸ਼ਾਂ ਦੇਵੇ। ਇਸ ਦੇ ਨਾਲ ਹੀ ਕਿਫ਼ਾਇਤੀ ਅਤੇ ਪਾਰਦਰਸ਼ੀ ਲੀਜ਼ ਨੀਤੀ ਬਣਾਉਣ, ਲੀਜ਼ ਨਵਿਆਉਣ ਤੇ ਜਾਇਦਾਦਾਂ ਦੇ ਤਬਾਦਲੇ ਲਈ ਸਪਸ਼ਟ ਨਿਯਮ ਤੈਅ ਕਰਨ ਅਤੇ ਖ਼ਾਲੀ ਪਏ ਸਰਕਾਰੀ ਮਕਾਨਾਂ ਤੇ ਜ਼ਮੀਨਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਦੀ ਮੰਗ ਕੀਤੀ। ਸੋਨੀ ਅਨੁਸਾਰ, ਇਹ ਕਿਸੇ ਸਿਆਸੀ ਧਿਰ ਦਾ ਨਹੀਂ, ਸਗੋਂ ਨੰਗਲ ਵਾਸੀਆਂ ਦੀ ਸੁਰੱਖਿਆ, ਜਾਇਦਾਦ ਅਤੇ ਭਵਿੱਖ ਨਾਲ ਜੁੜਿਆ ਮਸਲਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਮਾਂਬੱਧ ਕਾਰਜ ਯੋਜਨਾ ਬਣਾ ਕੇ ਇਸ ਲੰਬੇ ਸਮੇਂ ਤੋਂ ਲਟਕਦੇ ਵਿਵਾਦ ਦਾ ਪੱਕਾ ਹੱਲ ਕਰੇ। ।