ਫਲੈਕਸਾਂ, ਪ੍ਰੈੱਸ ਕਾਨਫ਼ਰੰਸਾਂ ਤੇ ਲੋਕ ਸੰਪਰਕ ਰਾਹੀਂ ਤਾਕਤ ਦਿਖਾਉਣ ਦੀ ਲੱਗੀ ਹੋੜ
ਨੰਗਲ, 10 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਜਨਤਾ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ ਟਿਕਟ ਦੇ ਚਾਹਵਾਨਾਂ ਦੀ ਗਿਣਤੀ ਲਗਪਗ ਦਰਜਨ ਤੱਕ ਪੁੱਜਣ ਦੀ ਚਰਚਾ ਦਰਮਿਆਨ ਪਾਰਟੀ ਅੰਦਰ ‘ਇਕ ਅਨਾਰ, ਸੌ ਬਿਮਾਰ’ ਵਾਲੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ।
ਨੰਗਲ, 10 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਜਨਤਾ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ ਟਿਕਟ ਦੇ ਚਾਹਵਾਨਾਂ ਦੀ ਗਿਣਤੀ ਲਗਪਗ ਦਰਜਨ ਤੱਕ ਪੁੱਜਣ ਦੀ ਚਰਚਾ ਦਰਮਿਆਨ ਪਾਰਟੀ ਅੰਦਰ ‘ਇਕ ਅਨਾਰ, ਸੌ ਬਿਮਾਰ’ ਵਾਲੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ। ਟਿਕਟ ਇਕ, ਦਾਅਵੇਦਾਰ ਅਨੇਕ ਹੋਣ ਕਾਰਨ ਹੁਣ ਸਾਰਿਆਂ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਾਂਗਰਸ ਵਲੋਂ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਪ੍ਰਮੁੱਖ ਸਿਆਸੀ ਚਿਹਰੇ ਹਨ। ਅਜਿਹੇ ਵਿਚ ਭਾਜਪਾ ਦੇ ਸੰਭਾਵੀ ਉਮੀਦਵਾਰ ਵੀ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਸਰਗਰਮ ਹੋ ਗਏ ਹਨ। ਕੋਈ ਫਲੈਕਸ ਬੋਰਡਾਂ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾ ਰਿਹਾ ਹੈ, ਕੋਈ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖ ਰਿਹਾ ਹੈ ਤੇ ਕੋਈ ਪਾਰਟੀ ਹਾਈਕਮਾਨ ਤੱਕ ਚਿੱਠੀਆਂ ਰਾਹੀਂ ਪਹੁੰਚ ਬਣਾ ਰਿਹਾ ਹੈ। ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਅਤੇ ਲੋਕਾਂ ਨਾਲ ਵਧਦਾ ਸੰਪਰਕ ਵੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਚੋਣਾਂ ਹਾਲੇ ਦੂਰ ਹਨ, ਪਰ ਟਿਕਟ ਲਈ ਸਿਆਸੀ ‘ਨੈੱਟ ਪ੍ਰੈਕਟਿਸ’ ਹੁਣੇ ਤੋਂ ਸ਼ੁਰੂ ਹੋ ਚੁੱਕੀ ਹੈ। ‘ਬਾਹਰੀ’ ਬਨਾਮ ‘ਸਥਾਨਕ’ ਚਿਹਰੇ ਦੀ ਚਰਚਾ ਟਿਕਟ ਦੀ ਦੌੜ ਦਰਮਿਆਨ ਸਥਾਨਕ ਆਗੂ ਨੂੰ ਉਮੀਦਵਾਰ ਬਣਾਉਣ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਡਾ. ਪਰਮਿੰਦਰ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਰਾਜੇਸ਼ ਚੌਧਰੀ, ਐਡਵੋਕੇਟ ਅਰਵਿੰਦ ਮਿੱਤਲ, ਗੋਵਰਧਨ ਸੋਨੀ, ਐਡਵੋਕੇਟ ਸਤਬੀਰ ਰਾਣਾ, ਬਰਰਾਮ ਪਰਾਸ਼ਰ ਤੇ ਐਡਵੋਕੇਟ ਰਾਕੇਸ਼ ਮੜਕਨ ਸਮੇਤ ਹੋਰ ਆਗੂਆਂ ਦੇ ਨਾਂਅ ਚਰਚਾ ਵਿਚ ਹਨ। ਸਿਆਸੀ ਹਲਕਿਆਂ ਵਿਚ ਸੰਭਾਵੀ ਉਮੀਦਵਾਰਾਂ ਦੀ ਲੋਕਪ੍ਰਿਯਤਾ ਤੇ ਚੋਣ ਜਿੱਤਣ ਦੀ ਸਮਰੱਥਾ ਬਾਰੇ ਸਰਵੇਖਣਾਂ ਦੀ ਵੀ ਚਰਚਾ ਹੈ, ਪਰ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕਮਾਨ ਸਥਾਨਕ ਪਛਾਣ, ਜਥੇਬੰਦਕ ਸਰਗਰਮੀ ਜਾਂ ਹੋਰ ਚੋਣ ਮਾਪਦੰਡਾਂ ਵਿਚੋਂ ਕਿਸ ਨੂੰ ਤਰਜੀਹ ਦਿੰਦੀ ਹੈ। ਫ਼ਿਲਹਾਲ ਦਾਅਵੇਦਾਰਾਂ ਦੀ ਦੌੜ ਜਾਰੀ ਹੈ ਅਤੇ ਟਿਕਟ ਦਾ ਫ਼ੈਸਲਾ ਹੋਣ ਤੱਕ ਸਰਗਰਮੀਆਂ ਹੋਰ ਤੇਜ਼ ਹੋਣ ਦੇ ਆਸਾਰ ਹਨ।