ਅਟਾਰੀ, 3 ਮਾਰਚ (ਗੁਰਦੀਪ ਸਿੰਘ ਅਟਾਰੀ)-ਪਿ੍ੰਸੀਪਲ ਡਾ. ਰੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਆਈ. ਸੀ. ਟੀ. ਅਕੈਡਮੀ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਐੱਫ. ਡੀ. ਪੀ. 'ਡਿਜਿਟਲ ਲਿਟਰੇਸੀ' ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਡਿਜਿਟਲ ਯੋਗਤਾ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਬਦਲਦੇ ਸ਼ੈਖ਼ੀ ਮਾਹੌਲ ਅਨੁਸਾਰ ਜ਼ਰੂਰੀ ਹੁਨਰਾਂ ਨਾਲ ਲੈਸ ਕਰਨਾ ਹੈ | ਉਦਘਾਟਨੀ ਸੈਸ਼ਨ ਵਿਚ ਆਈ. ਸੀ. ਟੀ. ਅਕੈਡਮੀ ਦੇ ਸਟੇਟ ਹੈੱਡ, ਮਿਸਟਰ ਲਵਤੇਸ਼ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਵਲੋਂ ਸਵਾਗਤੀ ਭਾਸ਼ਨ ਨਾਲ ਹੋਈ, ਜਿਨ੍ਹਾਂ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ | ਕਾਲਜ ਦੇ ਪਿ੍ੰਸੀਪਲ ਨੇ ਉਦਘਾਟਨੀ ਸੰਬੋਧਨ ਕਰਦਿਆਂ ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਡਿਜਿਟਲ ਲਿਟਰੇਸੀ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਅਧਿਆਪਕਾਂ ਲਈ ਲਗਾਤਾਰ ਪੇਸ਼ੇਵਰ ਵਿਕਾਸ ਦੀ ਲੋੜ 'ਤੇ ਜ਼ੋਰ ਦਿੱਤਾ | ਆਈ. ਸੀ. ਟੀ. ਹੈੱਡ ਲਵਤੇਸ਼ ਨੇ ਆਈ. ਸੀ. ਟੀ. ਅਕੈਡਮੀ ਦੇ ਮਿਸ਼ਨ ਅਤੇ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਡਿਜਿਟਲ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਪੰਜ ਦਿਨਾਂ ਪ੍ਰੋਗਰਾਮ ਲਈ ਸੰਸਾਧਨ ਵਿਅਕਤੀ ਮੁਹੰਮਦ ਆਦਿਲ ਨੇ ਪਹਿਲਾ ਸੈਸ਼ਨ ਬਹੁਤ ਹੀ ਰੁਚਿਕਰ ਅਤੇ ਸੰਵਾਦਾਤਮਕ ਢੰਗ ਨਾਲ ਕਰਵਾਇਆ | ਇਸ ਪ੍ਰੋਗਰਾਮ ਵਿਚ ਮੇਜ਼ਬਾਨ ਕਾਲਜ ਸਮੇਤ ਨਜ਼ਦੀਕੀ ਕਾਲਜਾਂ ਤੋਂ ਲਗਭਗ ਤੀਹ ਅਧਿਆਪਕਾਂ ਨੇ ਭਾਗ ਲਿਆ | ਪ੍ਰੋ. ਮੁਹੰਮਦ ਆਦਿਲ ਨੇ ਡਿਜਿਟਲ ਲਿਟਰੇਸੀ ਦੇ ਸੰਕਲਪ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਆਧੁਨਿਕ ਅਕਾਦਮਿਕ ਮਾਹੌਲ ਵਿਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ |