ਬਾਬਾ ਬਕਾਲਾ ਸਾਹਿਬ, 8 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਸਠਿਆਲਾ ਵਿਚ ਬੀਤੇ ਕੱਲ੍ਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਧੇੜੇਆਣਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਦੋਸ਼ੀ ਨੂੰ ਪੁਲਿਸ ਵਲੋਂ ਡਿਊਟੀ ਮੈਜਿਸਟਰੇਟ ਦੇ ਪੇਸ਼ ਕਰਨ ਉਪਰੰਤ ਪੁਲਿਸ ਵਲੋਂ ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਇਸ ਸੰਬੰਧੀ ਪੁਲਿਸ ਚੌਕੀ ਬਾਬਾ ਬਕਾਲਾ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਿਆਸ ਸ: ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਪਿੰਡ ਸਠਿਆਲਾ 'ਚ ਜੋ ਸਵੇਰੇ ਗੁਰਦੁਆਰਾ ਧੇੜੇਆਣਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਹੋਇਆ ਸੀ, ਉਸ ਤਹਿਤ ਪੁਲਿਸ ਨੇ ਗ੍ਰੰਥੀ ਸਤਨਾਮ ਸਿੰਘ ਪੁੱਤਰ ਮਾਧੋ ਸਿੰਘ, ਵਾਸੀ ਸਠਿਆਲਾ ਦੇ ਬਿਆਨਾਂ ਤੇ ਦੋਸ਼ੀ ਸਿਮਰਨਜੀਤ ਸਿੰਘ ਉਰਫ ਸਿੰਨੀ ਪੁੱਤਰ ਸੁਖਦੇਵ ਸਿੰਘ, ਵਾਸੀ ਸਠਿਆਲਾ ਖ਼ਿਲਾਫ਼ ਕੇਸ ਦਰਜ ਕਤਿਾ ਸੀ, ਨੂੰ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੇ. ਐਮ. ਆਈ. ਸੀ. ਸ੍ਰੀ ਪਵਨਦੀਪ ਸਿੰਘ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ, ਜਿਥੇ ਕਿ ਜੱਜ ਨੇ ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ | ਇਸ ਮੌਕੇ ਸਰਦੂਲ ਸਿੰਘ ਸਬ ਇੰਸਪੈਕਟਰ, ਚੌਕੀ ਇੰਚਾਰਜ ਤੇਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |