ਮਜੀਠਾ, 22 ਜੂਨ (ਮਨਿੰਦਰ ਸਿੰਘ ਸੋਖੀ)- ਮਜੀਠਾ ਸੋਹੀਆਂ ਕਲਾਂ ਸੜਕ ‘ਤੇ ਮਜੀਠਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੁਰਾਣੀਆਂ ਗੱਡੀਆਂ ਦੀ ਖਰੀਦ ਵੇਚ ਕਰਨ ਵਾਲੇ ਕਾਰੋਬਾਰੀ ਦੇ ਦਫ਼ਤਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਵਕਤ ਅਣਪਛਾਤੇ ਵਿਅਕਤੀ ਕਵਲਜੀਤ ਸਿੰਘ ਵਾਸੀ ਪਿੰਡ ਜੇਠੂਨੰਗਲ ਹਾਲ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਆਪਣੇ ਦਫਤਰ ਮਜੀਠਾ ਸੋਹੀਆਂ ਕਲਾਂ ਰੋਡ ਨੇੜੇ ਰੇਲਵੇ ਸਟੇਸ਼ਨ ਮਜੀਠਾ ਵਿਖੇ ਬੈਠਾ ਸੀ ਕਿ ਉਸ ਨੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਦ ਉਹ ਆਪਣੇ ਦਫਤਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਦੋ ਅਣਪਛਾਤੇ ਵਿਅਕਤੀ ਇਕ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਉਸ ਦੇ ਦਫ਼ਤਰ ਦੇ ਬਾਹਰ 4 ਤੋਂ 5 ਗੋਲੀਆਂ ਚਲਾ ਕੇ ਮੋਟਰ ਸਾਈਕਲ ‘ਤੇ ਫਰਾਰ ਹੋ ਗਏ। ਜਿਸ ‘ਤੇ ਉਸ ਨੇ ਤੁਰੰਤ ਥਾਣਾ ਮਜੀਠਾ ਵਿਖੇ ਇਤਲਾਹ ਦਿੱਤੀ। ਪੁਲਿਸ ਵਾਰਦਾਤ ਵਾਲੀ ਜਗ੍ਹਾ ‘ਤੇ ਪੁੱਜ ਗਈ ਅਤੇ ਮਾਮਲੇ ਦੀ ਤਫਤੀਸ਼ ਕਰਨ ਵਿਚ ਜੁੱਟ ਗਈ ਹੈ। ਇਥੇ ਇਹ ਜਿਕਰਯੋਗ ਹੈ ਕਿ 14 ਦਸੰਬਰ 2025 ਨੂੰ ਵੀ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਸ ਜਗ੍ਹਾ ‘ਤੇ ਲੱਗੀਆਂ ਦੋ ਗੱਡੀਆਂ ਜਿਹੜੀਆਂ ਕਿ ਉਸ ਦੇ ਦਫਤਰ ਦੇ ਬਾਹਰ ਖੜੀਆਂ ਸਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ। ਜਿਸ ‘ਤੇ ਮਜੀਠਾ ਪੁਲਿਸ ਨੇ ਇਸ ਵਾਰਦਾਤ ਸੰਬੰਧੀ ਮੁਕੱਦਮਾ ਨੰਬਰ 161 ਮਿਤੀ 15-12-2025 ਦਰਜ ਰਜਿਸਟਰ ਕਰ ਲਿਆ ਸੀ। ਉਸ ਵਕਤ ਕਵਲਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਨੂੰ ਵਿਦੇਸ਼ੀ ਫੋਨ ਨੰਬਰਾਂ ਤੋਂ ਅਗਿਆਤ ਵਿਅਕਤੀਆਂ ਵਲੋਂ ਫਿਰੌਤੀ ਦੀਆਂ ਕਾਲਾਂ ਆਈਆਂ ਸਨ ਜਿਸ ਵਿਚ ਉਨ੍ਹਾਂ ਨੇ ਫਿਰੌਤੀ ਨਾ ਦੇਣ ਤੇ ਉਸ ਦਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਜਾਨੀ ਨੁਕਸਾਨ ਕਰਨ ਦੀ ਧਮਕੀ ਦਿੱਤੀ ਸੀ। ਜਾਣਕਾਰੀ ਅਨੁਸਾਰ ਉਸ ਵਕਤ ਪੁਲਿਸ ਵਿਭਾਗ ਵਲੋਂ ਉਸ ਦੀ ਹਿਫਾਜ਼ਤ ਵਾਸਤੇ ਕੁਝ ਦਿਨਾਂ ਵਾਸਤੇ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਸੀ ਜਿਹੜੀ ਕਿ ਇਸ ਵਕਤ ਵਾਪਸ ਲੈ ਲਈ ਗਈ ਸੀ ਇਸ ਵਕਤ ਕੋਈ ਵੀ ਸੁਰੱਖਿਆ ਕਰਮਚਾਰੀ ਡਿਊਟੀ ‘ਤੇ ਤਾਇਨਾਤ ਨਹੀਂ ਸੀ, ਜਿਸ ਕਰਕੇ ਸ਼ਾਇਦ ਉਨ੍ਹਾਂ ਵਿਅਕਤੀਆਂ ਵਲੋਂ ਮੌਕੇ ਦਾ ਫਾਇਦਾ ਉਸ ਨੂੰ ਡਰਾਉਣ ਵਾਸਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਕਾਰਨ ਇਲਾਕੇ ਵਿਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਾਰੋਬਾਰੀ ਦੇ ਦਫ਼ਤਰ ਬਾਹਰ ਚਲਾਈਆਂ ਗੋਲੀਆਂ
ਅਜੀਤ ਡੈਸਕ
23-06-2026