ਰਈਆ, 24 ਜੁਲਾਈ (ਸ਼ਰਨਬੀਰ ਸਿੰਘ ਕੰਗ)- ਰਈਆ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਨਗਰ ਪੰਚਾਇਤ ਰਈਆ ਦੇ ਸਾਬਕਾ ਪ੍ਰਧਾਨ ਰੌਬਿਨ ਮਾਨ, ਕਾਂਗਰਸ ਦੇ ਐੱਸ.ਸੀ. ਵਿੰਗ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ, ਸਾਬਕਾ ਸਰਪੰਚ ਗੁਰਦਿਆਲ ਸਿੰਘ ਕੰਗ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਜ ਸਿੰਘ ਚੀਮਾ ਨੇ ਇਸ ਸਮੇਂ ਬਿਜਲੀ ਮੁਲਾਜ਼ਮਾਂ ਤੇ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦਾ ਪੂਰਨ ਸਮਰਥਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨਾਲ ਗੱਲਬਾਤ ਕਰਕੇ ਹੜਤਾਲ ਖ਼ਤਮ ਕਰਾਵੇ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਅਮਰਜੀਤ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਸ਼ੇਰਗਿੱਲ, ਤਰਸੇਮ ਸਿੰਘ, ਜਗਤਾਰ ਸਿੰਘ, ਡਾ: ਰਜਿੰਦਰ ਸਿੰਘ ਬਿੱਟਾ ਦੋਵੇਂ ਸਾ: ਕੌਂਸਲਰ, ਪ੍ਰਦੀਪ ਕੌੜਾ, ਅਜੀਤ ਸਿੰਘ ਮਾਹਲਾ, ਵਿੱਕੀ, ਪਰਮਜੀਤ ਸਿੰਘ, ਮਨਜੀਤ ਕੁਮਾਰ, ਗੋਰਖਾ ਰਾਮ, ਪਾਲਾ, ਮਨਪ੍ਰੀਤ ਸਿੰਘ ਮੋਨੂੰ ਆਦਿ ਹਾਜ਼ਿਰ ਸਨ। ਇਨ੍ਹਾਂ ਕਿਹਾ ਕਿ ਦੋ ਹਫਤੇ ਤੋਂ ਸਫਾਈ ਸੇਵਕ ਹੜਤਾਲ ‘ਤੇ ਹੋਣ ਕਰਕੇ ਸ਼ਹਿਰਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਉਪਰੋਂ ਬਰਸਾਤ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਕਈ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਇਸੇ ਤਰ੍ਹਾਂ ਬਿਜਲੀ ਮੁਲਾਜ਼ਮ ਹੜਤਾਲ ਤੇ ਹੋਣ ਕਰਕੇ ਬਿਜਲੀ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ। ਇਕ ਪਾਸੇ ਝੋਨੇ ਦਾ ਸੀਜ਼ਨ ਚਲ ਰਿਹਾ ਹੈ ਤੇ ਉਪਰੋਂ ਭਿਆਨਕ ਗਰਮੀ ਪੈ ਰਹੀ ਹੈ ਜਿਸ ਨਾਲ ਕਿਸਾਨ ਤੇ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਝਾੜੂ ਸਰਕਾਰ ਵੀ ਮੋਦੀ ਸਰਕਾਰ ਦੇ ਪਦ ਚਿੰਨ੍ਹਾਂ ‘ਤੇ ਚਲ ਰਹੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਲਾਠੀਚਾਰਜ ਹੋ ਰਿਹਾ ਹੈ। ਇਹ ਦੋਵੇਂ ਸਰਕਾਰਾਂ ਗੱਲਬਾਤ ਕਰਕੇ ਵਿਚਲਾ ਰਸਤਾ ਕੱਢਣ ਦੀ ਥਾਂ ਤਸੱਸ਼ਦ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਨੀਤੀ ‘ਤੇ ਚਲ ਰਹੀਆਂ ਹਨ ਜਦਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਨਮ ਸਿੱਧ ਅਧਿਕਾਰ ਹੈ। ਇਸ ਮੌਕੇ ਪੱਤਰਕਾਰਾਂ ਵਲੋਂ ਸਵਾਲ ਕੀਤਾ ਗਿਆ ਕਿ ਪਿਛਲੇ ਦਿਨੀਂ ਨਗਰ ਪੰਚਾਇਤ ਵਲੋਂ ਰੇੜ੍ਹੀਆਂ-ਫੜ੍ਹੀਆਂ ਚੁਕਾਉਣ ਬਾਰੇ ਸਾ: ਪ੍ਰਧਾਨ ਰਜਿੰਦਰ ਕਾਲੀਆ ਵਲੋਂ ਦਿੱਤੇ ਗਏ ਬਿਆਨ ਨਾਲ ਤੁਸੀਂ ਸਹਿਮਤ ਹੋ ਤਾਂ ਸੀਨੀਅਰ ਕਾਂਗਰਸੀ ਆਗੂ ਗੁਰਮੇਜ ਸਿੰਘ ਚੀਮਾ ਨੇ ਕਿਹਾ ਉਹ ਡੱਟ ਕੇ ਰਜਿੰਦਰ ਕਾਲੀਆ ਵਲੋਂ ਦਿੱਤੇ ਬਿਆਨ ਦਾ ਸਮਰਥਨ ਕਰਦਾ ਹੈ।