ਗੱਗੋਮਾਹਲ/ਅਜਨਾਲਾ, 24 ਜੁਲਾਈ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕਰੀਬ ਤਿੰਨ ਦਿਨਾਂ ਤੋਂ ਸਰਹੱਦੀ ਖੇਤਰ ਅੰਦਰ ਹੋਈ ਮੋਹਲੇਧਾਰ ਵਰਖਾ ਕਾਰਨ ਖੇਤਰ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬੀ ਹੋਈ ਹੈ ਜਿਸ ਤੋਂ ਪ੍ਰੇਸ਼ਾਨ ਕਿਸਾਨ ਲਹੂ ਦੇ ਹੰਝੂ ਰੋ ਰਹੇ ਹਨ। ਪੱਤਰਕਾਰਾਂ ਨੇ ਅੱਜ ਸਰਹੱਦੀ ਖੇਤਰ ਦੇ ਪਿੰਡ ਬੇਦੀਛੰਨਾ, ਕੋਟ ਰਜ਼ਾਦਾ, ਗਿੱਲਾਂਵਾਲੀ, ਚਾੜਪੁਰ ਆਦਿ ਪਿੰਡਾਂ ਦੇ ਦਰਜਨਾਂ ਕਿਸਾਨਾਂ ਨਾਲ ਧੁੱਸੀ ਬੰਨ੍ਹ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਰਖਾ ਦੇ ਕਹਿਰ ਨੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਆਪਣੀ ਲਪੇਟ ਵਿਚ ਲੈ ਲਈ ਹੈ। ਕਿਸਾਨਾਂ ਨੇ ਹਉਕੇ ਭਰਦਿਆਂ ਕਿਹਾ ਕਿ ਸਾਉਣੀ ਦੀ ਮੁੱਖ ਫਸਲ ਝੋਨੇ ‘ਤੇ ਸਾਰਾ ਖਰਚ ਹੋ ਚੁੱਕਾ ਹੈ ਤੇ ਹੁਣ ਕੁਦਰਤ ਦੀ ਮਾਰ ਸਾਡੇ ਬੱਚਿਆਂ ਦੀ ਮੂੰਹ ਆਈ ਰੋਟੀ ਖੋਹ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਹੜ੍ਹਾਂ ਨੇ ਕਿਸਾਨਾਂ ਦੀ ਸਮੁੱਚੀ ਫਸਲ ਬਰਬਾਦ ਕਰ ਦਿੱਤੀ ਸੀ ਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਧੁੱਸੀ ਬੰਨ੍ਹ ’ਤੇ ਬੈਠ ਕੇ ਆਪਣੀ ਜਾਨ ਬਚਾਈ ਸੀ। ਭਾਵੇਂ ਸਮੇਂ ਦੀਆਂ ਸਰਕਾਰਾਂ ਵਲੋਂ ਮੁਆਵਜ਼ਾ ਦੇਣ ਦੀਆਂ ਕੋਸ਼ਿਸਾ ਕੀਤੀਆਂ ਗਈਆਂ ਪਰ ਉਸ ਮੁਆਵਜ਼ੇ ਨਾਲ ਕਿਸਾਨਾਂ ਦਾ ਪਰਿਵਾਰਕ ਪਾਲਣ ਪੋਸ਼ਣ ਠੀਕ ਤਰ੍ਹਾਂ ਨਹੀਂ ਹੋ ਸਕਦਾ। ਕਿਸਾਨਾਂ ਦਾ ਸਮੇਂ ਦੀਆਂ ਸਰਕਾਰਾਂ ਕੋਲ ਵਾਸਤਾ ਹੈ ਕਿ ਹੜ੍ਹਾਂ ਤੇ ਵਰਖਾ ਦੇ ਪਾਣੀ ਨੂੰ ਸੁਚੱਜੇ ਢੰਗ ਨਾਲ ਦਰਿਆਵਾਂ, ਨਾਲਿਆਂ ਵਿਚ ਪਾਉਣ ਲਈ ਸੁਹਿਰਦ ਯਤਨ ਕੀਤੇ ਜਾਣ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਹੁੰਦਾ ਨੁਕਸਾਨ ਰੋਕਿਆ ਜਾ ਸਕੇ। ਕਿਸਾਨਾਂ ਦਾ ਸਰਕਾਰਾਂ ‘ਤੇ ਇਹ ਵੀ ਦੋਸ਼ ਹੈ ਕਿ ਜਦੋਂ ਬਰਸਾਤੀ ਮੌਸਮ ਸਿਰ ‘ਤੇ ਆ ਜਾਂਦਾ ਹੈ ਉਸ ਵੇਲੇ ਸੰਬੰਧਿਤ ਵਿਭਾਗ ਸਰਕਾਰਾਂ ਪਾਸੋਂ ਕਰੋੜਾਂ ਰੁਪਏ ਲੈ ਕੇ ਦਰਿਆਵਾਂ ਦੇ ਕੰਢਿਆ, ਧੁੱਸੀ ਬੰਨ੍ਹਾਂ, ਨਾਲਿਆਂ ਦੀ ਖਲਾਈ ਕਰਨ ‘ਤੇ ਖ਼ਰਚ ਕਰਦੇ ਹਨ ਜੇਕਰ ਇਹੀ ਪ੍ਰਬੰਧ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਕੀਤੇ ਜਾਣ।