ਏ.ਟੀ.ਐਮ. ਤੋੜ ਕੇ ਲੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਗਰੋਹ ਦਾ ਪਰਦਾਫਾਸ਼– 2 ਕਾਬੂ
ਪਿਸਤੌਲ, ਗੈਸ ਕਟਰ, ਹਥੌੜਾ, ਬਲੈਰੋ ਕਾਰ ਤੇ ਹੋਰ ਸਾਮਾਨ ਬਰਾਮਦ
ਅੰਮ੍ਰਿਤਸਰ, ਅਜਨਾਲਾ, 7 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਰਾਤ ਸਮੇਂ ਏ. ਟੀ.
ਅੰਮ੍ਰਿਤਸਰ, ਅਜਨਾਲਾ, 7 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਰਾਤ ਸਮੇਂ ਏ.ਟੀ.ਐੱਮ. ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ 32 ਬੋਰ ਪਿਸਤੌਲ, ਹਥੌੜਾ, ਗੈਸ ਕਟਰ, ਰੱਸੀ, ਬੋਲੈਰੋ ਗੱਡੀ, ਸਪਰੇਅ ਬੋਤਲ, ਹੈਲਮੈਟ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ। ਇਹ ਖੁਲਾਸਾ ਅੱਜ ਇਥੇ ਕਰਵਾਏ ਪਤਰਕਾਰ ਸੰਮੇਲਨ ’ਚ ਐੱਸ.ਐੱਸ.ਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਮਹੀਨੇ 29-30 ਸਤੰਬਰ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਕੁਝ ਮੁਲਜ਼ਮਾਂ ਵਲੋਂ ਫਤਿਹਗੜ ਸ਼ੁੱਕਰਚੱਕ ਰੋਡ ਤੇ ਸਥਿਤ ਐੱਚ.ਡੀ.ਐੱਫ.ਸੀ ਬੈਂਕ ਦਾ ਏ.ਟੀ.ਐੱਮ ਤੋੜ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਾਂ ਹੋ ਸਕੇ। ਇਸ ਸਬੰਧੀ ਬੈਂਕ ਮੈਨੇਜਰ ਦੇ ਬਿਆਨਾਂ ਤੇ ਥਾਣਾ ਕੰਬੋਅ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਐੱਸ.ਪੀ. (ਡੀ) ਰਮਨਦੀਪ ਸਿੰਘ ਅਤੇ ਡੀ.ਐੱਸ.ਪੀ. (ਡੀ ) ਗੁਰਵਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਸੀ.ਆਈ.ਏ ਦੀਆਂ ਟੀਮਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ। ਉਨਾਂ ਦੱਸਿਆ ਕਿ ਜਾਂਚ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਵਸੀਲਿਆਂ ਦੀ ਮਦਦ ਨਾਲ ਏ.ਟੀ.ਐਮ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਕੁਲਦੀਪ ਸਿੰਘ ਵਾਸੀ ਚੰਨਣਕੇ, ਹਰਪ੍ਰੀਤ ਸਿੰਘ ਵਾਸੀ ਛਾਪਾ ਰਾਮ ਸਿੰਘ ਹਾਲ ਵਾਸੀ ਕਿਰਾਏਦਾਰ ਨੇੜੇ ਦੋਲੋਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਹਨਾਂ ਦੇ 2 ਹੋਰ ਸਾਥੀ ਫਰਾਰ ਹਨ ਜਿਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਸਬੰਧੀ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਐਸ.ਪੀ.ਡੀ ਰਮਨਦੀਪ ਸਿੰਘ, ਡੀ.ਐਸ.ਪੀ ਡੀ ਗੁਰਵਿੰਦਰਪਾਲ ਸਿੰਘ ਨਾਗਰਾ, ਡੀ.ਐਸ.ਪੀ ਅਟਾਰੀ ਯਾਦਵਿੰਦਰ ਸਿੰਘ ਅਤੇ ਐਸ.ਐਚ.ਓ ਕੰਬੋਅ ਸਬ ਇੰਸਪੈਕਟਰ ਅਜੇਪਾਲ ਸਿੰਘ ਆਦਿ ਪੁਲਿਸ ਕਰਮਚਾਰੀ ਵੀ ਮੌਜੂਦ ਸਨ ।