ਕੱਛੂਆ ਚਾਲ ਚੱਲ ਰਿਹਾ ਹੈ ਨਿਊ ਅੰਮ੍ਰਿਤਸਰ ਪੁੱਲ ਦਾ ਨਿਰਮਾਣ ਕਾਰਜ
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)-ਨਿਊ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਪੁਲ ਦਾ ਕੰਮ ਕੱਛੂਆ ਚਾਲ ’ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਵਲੋਂ ਕੀਤਾ ਜਾ ਰਿਹਾ ਕੰਮ ਵੀ ਨਿਯਮਾਂ ਅਤੇ ਸ਼ਰਤਾਂ ਤੋਂ ਹੱਟ ਕੇ ਹੋ ਰਿਹਾ ਹੈ।
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)-ਨਿਊ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਪੁਲ ਦਾ ਕੰਮ ਕੱਛੂਆ ਚਾਲ ’ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਵਲੋਂ ਕੀਤਾ ਜਾ ਰਿਹਾ ਕੰਮ ਵੀ ਨਿਯਮਾਂ ਅਤੇ ਸ਼ਰਤਾਂ ਤੋਂ ਹੱਟ ਕੇ ਹੋ ਰਿਹਾ ਹੈ। ਨਿਊ ਅੰਮ੍ਰਿਤਸਰ ਸਥਿਤ ਭਾਈ ਗੁਰਦਾਸ ਜੀ ਨਗਰ ਅਤੇ ਜੀ.ਟੀ ਰੋਡ ਟੀ ਪੁਆਇੰਟ ’ਤੇ ਲਾਈਟਾਂ ਲੱਗੀਆਂ ਹੋਈਆਂ ਅਤੇ ਇੱਥੇ ਅਕਸਰ ਹੀ ਆਵਾਜਾਈ ਦੇ ਜਾਮ ਲੱਗਦੇ ਸਨ। ਕੁਝ ਮਹੀਨੇ ਪਹਿਲਾਂ ਇਸ ਟੀ ਪੁਆਇੰਟ ’ਤੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਆਵਾਜਾਈ ਨੂੰ ਚਲਾਉਣ ਲਈ ਸੜਕ ਦੇ ਕਿਨਾਰੇ ਬਣੀ ਹਰੀ ਪੱਟੀ ਨੂੰ ਤੋੜ ਦਿੱਤਾ ਗਿਆ ਅਤੇ ਬੀ. ਆਰ. ਟੀ. ਐੱਸ ਲਾਂਘਾ ਅਤੇ ਇਸ ਸਟੇਸ਼ਨ ਵੀ ਪੁੱਲ ਦੇ ਘੇਰੇ ’ਚ ਲੈ ਲਿਆ ਗਿਆ, ਪਰ ਜਿਸ ਰਫ਼ਤਾਰ ਨਾਲ ਪੁੱਲ ਬਣਨ ਦੀ ਉਮੀਦ ਲਗਾਈ ਜਾ ਰਹੀ ਉਸ ਨਾਲੋਂ ਰਫ਼ਤਾਰ ਕਾਫ਼ੀ ਪੱਛੜ ਕੇ ਚੱਲ ਰਹੀ ਹੈ। ਜਿਥੋਂ ਤੱਕ ਆਵਾਜਾਈ ਦੀ ਗੱਲ ਹੈ, ਜੀ.ਟੀ ਰੋਡ ਤੋਂ ਲੰਘਣ ਵਾਲੀ ਆਵਾਜਾਈ ਨੂੰ ਚਲਾਉਣ ਲਈ ਪੁਲ ਦੇ ਦੋਵੇਂ ਪਾਸੇ ਠੇਕੇਦਾਰ ਵਲੋਂ ਸਰਵਿਸ ਲਾਈਨ ਬਣਾਉਣਾ ਲਾਜ਼ਮੀ ਸੀ ਪਰ ਰਸਤੇ ਤਾਂ ਬਣਿਆ ਹੈ ਉਸ ਉੱਪਰ ਪ੍ਰੀਮਿਕਸ ਨਹੀਂ ਪਾਇਆ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਇਸ ਰਸਤੇ ਤੋਂ ਲੰਘਣ ਲੱਗਿਆ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਪੁੱਲ ਨੂੰ ਬਣਾਉਣ ਤੋਂ ਪਹਿਲਾਂ ਉਸ ਦੇ ਦੋਵੇਂ ਪਾਸਿਆਂ ’ਤੇ ਪੱਕੀ ਸਰਵਿਸ ਲਾਈਨ ਦਾ ਹੋਣਾ ਲਾਜ਼ਮੀ ਹੁੰਦਾ ਹੈ। ਇਹ ਸਰਵਿਸ ਲਾਈਨ ਬਣਾਉਣ ਦਾ ਕੰਮ ਪੁਲ ਬਣਾਉਣ ਵਾਲੇ ਠੇਕੇਦਾਰ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਦੋਵੇਂ ਪਾਸਿਆਂ ’ਤੇ ਲਾਂਘਾ ਤਾਂ ਹੈ ਪਰ ਉਹ ਵੀ ਕੱਚਾ ਜਿਸ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਜਿਸ ਕਾਰਨ ਸਰਵਿਸ ਲਾਈਨ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਤਾਪਮਾਨ ਵਿਚ ਗਿਰਾਵਟ ਆਉਣ ਤੋਂ ਬਾਅਦ ਲੁੱਕ ਪਲਾਂਟ ਬੰਦ ਹੋ ਜਾਣਗੇ ਅਤੇ ਇਸ ਸੜਕ ਦੀ ਹਾਲਤ ਇਸੇ ਤਰ੍ਹਾਂ ਹੀ ਮੰਦੀ ਬਣੀ ਰਹੇਗੀ। ਉਨ੍ਹਾਂ ਕਿਹਾ ਜਿਸ ਤਰ੍ਹਾਂ ਪੁਲ ਦਾ ਕੰਮ ਕੱਛੂਆ ਚਾਲ ’ਤੇ ਚੱਲ ਰਿਹਾ ਹੈ ਉਸ ਤੋਂ ਲੱਗਦਾ ਹੈ। ਇਹ ਪੁਲ ਤਿਆਰ ਹੋਣ ਨੂੰ ਮਹੀਨੇ ਨਹੀਂ ਬਲਕਿ ਕਈ ਸਾਲ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ 10 ਦਿਨਾਂ ਅੰਦਰ ਸਰਵਿਸ ਲਾਈਨ ’ਤੇ ਲੁੱਕ ਪਾ ਕੇ ਉਸ ਨੂੰ ਪੱਕਿਆ ਨਾ ਕੀਤਾ ਗਿਆ ਤਾਂ ਉਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਅਤੇ ਹੋਰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਪੁਲ ਦੇ ਨੇੜੇ ਜਾਮ ਲਗਾਉਣਗੇ।