ਮਲੋਟ ਵਿਖੇ ਬਰੂਦ ਦੇ ਢੇਰ ’ਤੇ ਚੱਲ ਰਿਹਾ 132 ਕੇ.ਵੀ. ਬਿਜਲੀ ਘਰ ਪੁਰਾਣੇ ਟਰਾਂਸਫ਼ਾਰਮਰ ਦੇ ਰਹੇ ਹਨ ਹਾਦਸੇ ਨੂੰ ਸੱਦਾ
ਮਲੋਟ, 21 ਨਵੰਬਰ (ਪਾਟਿਲ)-ਮਲੋਟ ਦੇ ਬਠਿੰਡਾ ਰੋਡ ਸਥਿਤ 132 ਕੇ. ਵੀ.
ਮਲੋਟ, 21 ਨਵੰਬਰ (ਪਾਟਿਲ)-ਮਲੋਟ ਦੇ ਬਠਿੰਡਾ ਰੋਡ ਸਥਿਤ 132 ਕੇ.ਵੀ. ਸਟੇਸ਼ਨ ਦੇ ਬਿਜਲੀ ਘਰ ਵਿਚ ਵੱਡੀ ਗਿਣਤੀ ਵਿਚ ਪਏ ਪੁਰਾਣੇ ਟਰਾਂਸਫ਼ਾਰਮਰ ਜਿੱਥੇ ਰੋਜ਼ਾਨਾ ਦੇ ਕੰਮਕਾਜ ਵਿਚ ਅੜਿੱਕਾ ਬਣ ਰਹੇ ਹਨ, ਉਥੇ ਹੀ ਇਨ੍ਹਾਂ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਬਿਜਲੀ ਵਿਭਾਗ ਦੇ ਕੰਮਾਂ ਲਈ ਆਉਣ ਵਾਲੇ ਖ਼ਪਤਕਾਰਾਂ ਨੂੰ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਆਪਣੇ ਵਾਹਨ ਖੜ੍ਹੇ ਕਰਨ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਆਪਣੇ ਦਫ਼ਤਰਾਂ ਤੱਕ ਪਹੁੰਚਣ ਅਤੇ ਰੋਜ਼ਾਨਾ ਦੀ ਡਿਊਟੀ ਨਿਭਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਵਰਨਣਯੋਗ ਹੈ ਕਿ ਬੀਤੇ ਸਾਲ ਇਸੇ 132 ਕੇ.ਵੀ. ਗਰਿਡ ਵਿਚ ਭਿਆਨਕ ਅੱਗ ਲੱਗ ਗਈ ਸੀ, ਜਿਸ ’ਤੇ ਕਾਬੂ ਪਾਉਣ ਲਈ ਆਸਪਾਸ ਦੇ ਸ਼ਹਿਰਾਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ ਸਨ। ਟਰਾਂਸਫ਼ਾਰਮਰਾਂ ਵਿਚ ਮੌਜੂਦ ਜਲਣਸ਼ੀਲ ਤੇਲ ਕਾਰਨ ਅੱਗ ਲਗਾਤਾਰ ਫ਼ੈਲਦੀ ਗਈ ਅਤੇ ਕਈ ਟਰਾਂਸਫ਼ਾਰਮਰ ਧਮਾਕਿਆਂ ਨਾਲ ਨੁਕਸਾਨੇ ਗਏ ਸਨ। ਇਸ ਹਾਦਸੇ ਕਾਰਨ ਲੱਖਾਂ-ਕਰੋੜਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਸੰਬੰਧੀ ਸਟੋਰ ਦੇ ਐਕਸੀਅਨ ਪ੍ਰਿਯਾ ਕਾਂਤ ਨੇ ਦੱਸਿਆ ਕਿ ਵਿਭਾਗ ਵਲੋਂ ਇਨ੍ਹਾਂ ਟਰਾਂਸਫ਼ਾਰਮਰਾਂ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਵਿਭਾਗ ਦੀ ਮਨਜ਼ੂਰੀ ਨਾਲ ਵੱਡੀ ਗਿਣਤੀ ਵਿਚ ਬੇਲੋੜੇ ਟਰਾਂਸਫ਼ਾਰਮਰ ਵੇਚੇ ਵੀ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਇਸ ਦਾ ਜਲਦ ਹੱਲ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਂਸਫ਼ਾਰਮਰਾਂ ਨੂੰ ਰੱਖਣ ਲਈ ਹੋਰ ਕੋਈ ਢੁਕਵੀਂ ਜਗ੍ਹਾ ਨਾ ਹੋਣ ਕਾਰਨ ਇਹ ਇੱਥੇ ਪਏ ਹੋਏ ਹਨ। ਦੂਜੇ ਪਾਸੇ ਖ਼ਪਤਕਾਰਾਂ ਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪਿਛਲੇ ਹਾਦਸੇ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਦੇ ਉਚ ਅਧਿਕਾਰੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਅਤੇ ਬੇਲੋੜੇ ਟਰਾਂਸਫ਼ਾਰਮਰਾਂ ਨੂੰ ਤੁਰੰਤ ਇੱਥੋਂ ਹਟਾਉਣ ਦਾ ਪ੍ਰਬੰਧ ਕਰਨ, ਤਾਂ ਜੋ ਕਿਸੇ ਹੋਰ ਵੱਡੇ ਹਾਦਸੇ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।