ਪੇਂਡੂ ਖ਼ਰੀਦ ਕੇਂਦਰ ਬੰਦ ਕਰਨ ਖ਼ਿਲਾਫ਼ ਭੜਕੇ ਕਿਸਾਨ ਕਿੱਲਿਆਂਵਾਲੀ ਮਾਰਕੀਟ ਕਮੇਟੀ ਦਫ਼ਤਰ ਦਾ ਘਿਰਾਓ
ਮੰਡੀ ਕਿੱਲਿਆਂਵਾਲੀ, 21 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਸਰਕਾਰ ਵਲੋਂ ਲੰਬੀ ਹਲਕੇ ਦੇ ਪੇਂਡੂ ਖਰੀਦ ਕੇਂਦਰਾਂ ’ਤੇ ਝੋਨੇ ਦੀ ਖਰੀਦ ਬੰਦ ਕਰਕੇ ਸਿਰਫ਼ ਮੁੱਖ ਦਾਣਾ ਮੰਡੀ ਕਿੱਲਿਆਂਵਾਲੀ ਵਿਚ ਖਰੀਦ ਕਰਵਾਉਣ ਖ਼ਿਲਾਫ਼ ਭਾਕਿਯੂ (ਏਕਤਾ ਉਗਰਾਹਾਂ) ਡਟ ਗਈ ਹੈ। ਜਥੇਬੰਦੀ ਨੇ ਇਸ ਕਿਸਾਨ ਵਿਰੋਧੀ ਪ੍ਰਸ਼ਾਸਨਿਕ ਤਜਵੀਜ਼ ਨੂੰ ਰੱਦ ਕਰਦਿਆਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਦਾਣਾ ਮੰਡੀ ਵਿਚ ਖਰੀਦ ਸ਼ੁਰੂ ਨਹੀਂ ਹੋਣ ਦਿੱਤੀ।
ਮੰਡੀ ਕਿੱਲਿਆਂਵਾਲੀ, 21 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਸਰਕਾਰ ਵਲੋਂ ਲੰਬੀ ਹਲਕੇ ਦੇ ਪੇਂਡੂ ਖਰੀਦ ਕੇਂਦਰਾਂ ’ਤੇ ਝੋਨੇ ਦੀ ਖਰੀਦ ਬੰਦ ਕਰਕੇ ਸਿਰਫ਼ ਮੁੱਖ ਦਾਣਾ ਮੰਡੀ ਕਿੱਲਿਆਂਵਾਲੀ ਵਿਚ ਖਰੀਦ ਕਰਵਾਉਣ ਖ਼ਿਲਾਫ਼ ਭਾਕਿਯੂ (ਏਕਤਾ ਉਗਰਾਹਾਂ) ਡਟ ਗਈ ਹੈ। ਜਥੇਬੰਦੀ ਨੇ ਇਸ ਕਿਸਾਨ ਵਿਰੋਧੀ ਪ੍ਰਸ਼ਾਸਨਿਕ ਤਜਵੀਜ਼ ਨੂੰ ਰੱਦ ਕਰਦਿਆਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਦਾਣਾ ਮੰਡੀ ਵਿਚ ਖਰੀਦ ਸ਼ੁਰੂ ਨਹੀਂ ਹੋਣ ਦਿੱਤੀ। ਅੱਜ ਦੇਰ ਸ਼ਾਮ ਸਵਾ ਸੱਤ ਵਜੇ ਤੱਕ ਦਫ਼ਤਰ ਦਾ ਘਿਰਾਓ ਜਾਰੀ ਸੀ। ਅਧਿਕਾਰੀਆਂ ਨਾਲ ਕਰੀਬ ਤਿੰਨ-ਚਾਰ ਮੀਟਿੰਗਾਂ ਬੇਸਿੱਟਾ ਰਹੀਆਂ ਅਤੇ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਰੁਕੀ ਰਹੀ। ਜਾਣਕਾਰੀ ਅਨੁਸਾਰ 16 ਨਵੰਬਰ ਨੂੰ ਲੰਬੀ ਹਲਕੇ ਵਿਚ ਖਰੀਦ ਏਜੰਸੀਆਂ ਵਲੋਂ ਸਮੂਹ ਖਰੀਦ ਕੇਂਦਰਾਂ ਅਤੇ ਦਾਣਾ ਮੰਡੀ ਲਈ ਕਰੀਬ 23362 ਮੀਟਰਿਕ ਟਨ (1.46 ਲੱਖ ਗੱਟੇ) ਝੋਨੇ ਦੀ ਦੁਬਾਰਾ ਖਰੀਦ ਮਨਜ਼ੂਰੀ ਮਿਲੀ ਸੀ। ਇਸ ਵਿਚੋਂ ਕਰੀਬ 20 ਹਜ਼ਾਰ ਮੀਟਰਿਕ ਟਨ ਦੀ ਖਰੀਦ ਬਾਕੀ ਮੰਡੀਆਂ ਵਿਚ ਪਾਉਣ ਉਪਰੰਤ ਇਕੱਲੀ ਕਿੱਲਿਆਂਵਾਲੀ ਮੰਡੀ ਦੀ 3 ਹਜ਼ਾਰ ਮੀਟਰਿਕ ਟਨ (ਕਰੀਬ 80 ਹਜ਼ਾਰ ਗੱਟੇ) ਦੀ ਖਰੀਦ ਬਕਾਇਆ ਪਈ ਹੈ। ਸੂਤਰਾਂ ਮੁਤਾਬਕ ਪ੍ਰਸ਼ਾਸਨ ਵਲੋਂ ਅੱਜ ਕਿੱਲਿਆਂਵਾਲੀ ਮੰਡੀ ਵਿਚ ਇਹ 3 ਹਜ਼ਾਰ ਮੀਟਰਿਕ ਟਨ ਖਰੀਦ ਸ਼ੁਰੂ ਕਰਨ ਦੀ ਗੱਲ ਆਖੀ ਗਈ ਸੀ। ਆੜ੍ਹਤੀ ਸੂਤਰਾਂ ਅਨੁਸਾਰ ਸਰਕਾਰ ਨੇ 16 ਨਵੰਬਰ ਤੋਂ ਬਾਅਦ ਬਾਕੀ ਵੱਡੀ ਗਿਣਤੀ ਖਰੀਦ ਕੇਂਦਰਾਂ ਨੂੰ ਕਾਗਜ਼ਾਂ ਵਿਚ ਜ਼ੀਰੋ ਝੋਨਾ ਆਮਦ ਦਿਖਾ ਕੇ ਬੰਦ ਕਰ ਦਿੱਤਾ, ਜਦਕਿ ਹਲਕੇ ਦੇ ਖਰੀਦ ਕੇਂਦਰਾਂ ਵਿਚ ਅਜੇ ਕਰੀਬ 2.25 ਲੱਖ ਗੱਟੇ ਝੋਨਾ ਵਿਕਣ ਲਈ ਪਿਆ ਹੈ। ਸੂਤਰਾਂ ਅਨੁਸਾਰ ਹਾਕੂਵਾਲਾ ਖਰੀਦ ਕੇਂਦਰ ’ਚ 20 ਹਜ਼ਾਰ ਗੱਟੇ, ਮਿੱਠੜੀ ਵਿਚ 15 ਤੋਂ 18 ਹਜ਼ਾਰ, ਵੜਿੰਗਖੇੜਾ ਵਿਚ 15 ਤੋਂ 20 ਹਜ਼ਾਰ ਅਤੇ ਕੱਖਾਂਵਾਲੀ ਵਿਚ 7 ਤੋਂ 8 ਹਜ਼ਾਰ ਗੱਟੇ ਝੋਨਾ ਪਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਸਪੱਸ਼ਟ ਕੀਤਾ ਕਿ ਪੇਂਡੂ ਖਰੀਦ ਕੇਂਦਰਾਂ ’ਤੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਪਰ ਸਰਕਾਰ ਨੇ ਉੱਥੇ ਖਰੀਦ ਬੰਦ ਕਰਕੇ ਸਿਰਫ਼ ਕਿੱਲਿਆਂਵਾਲੀ ਦਾਣਾ ਮੰਡੀ ਵਿਚ ਖਰੀਦ ਚਾਲੂ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਬਰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਵਲੋਂ ਪਿੰਡਾਂ ਦਾ ਝੋਨਾ ਚੁੱਕ ਕੇ ਕਿੱਲਿਆਂਵਾਲੀ ਲਿਆਉਣ ਦੀ ਤਜਵੀਜ਼ ਨੂੰ ਵੀ ਕਿਸਾਨਾਂ ਅਤੇ ਆੜ੍ਹਤੀਆਂ ਨੇ ਗੈਰ-ਵਿਵਹਾਰਕ ਦੱਸਦਿਆਂ ਨਕਾਰ ਦਿੱਤਾ। ਇਸ ਮੌਕੇ ਮਲਕੀਤ ਗੱਗੜ, ਹਰਪਾਲ ਸਿੰਘ ਕਿੱਲਿਆਂਵਾਲੀ, ਦਲਜੀਤ ਸਿੰਘ ਮਿੱਠੜੀ, ਤਰਸੇਮ ਸਿੰਘ, ਨਿਸ਼ਾਨ ਸਿੰਘ ਕੱਖਾਂਵਾਲੀ, ਦਲਵਿੰਦਰ ਸਿੰਘ ਕੱਖਾਂਵਾਲੀ, ਲਖਵਿੰਦਰ ਸਿੰਘ ਕਿੱਲਿਆਂਵਾਲੀ, ਜਗਸੀਰ ਗੱਗੜ ਅਤੇ ਲਖਵਿੰਦਰ ਸਿੰਘ ਘੁਮਿਆਰਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਆੜ੍ਹਤੀਏ ਅਤੇ ਮੰਡੀ ਮਜ਼ਦੂਰ ਮੌਜੂਦ ਸਨ। ਸੂਤਰਾਂ ਅਨੁਸਾਰ ਬਾਕੀ ਰਹਿੰਦੇ ਕਰੀਬ 1 ਲੱਖ ਗੱਟੇ ਦੀ ਖਰੀਦ ਲਈ ਕੋਈ ਨਵੀਂ ਮਨਜ਼ੂਰੀ ਨਾ ਆਉਣ ਕਾਰਨ ਸੰਕਟ ਬਰਕਰਾਰ ਹੈ। ਖ਼ਬਰ ਲਿਖੇ ਜਾਣ ਤੱਕ ਉਗਰਾਹਾਂ ਜਥੇਬੰਦੀ ਵਲੋਂ ਮਾਰਕੀਟ ਕਮੇਟੀ ਦਫ਼ਤਰ ਦਾ ਘਿਰਾਓ ਜਾਰੀ ਸੀ।