ਪਟਿਆਲਾ, 2 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੇ ਬਾਜ਼ਾਰਾਂ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ | ਖ਼ਾਸ ਕਰਕੇ ਅਦਾਲਤ ਬਜ਼ਾਰ, ਤਿ੍ਪੜੀ ਖੇਤਰ, 22 ਨੰਬਰ ਫਾਟਕ ਵਾਲਾ ਇਲਾਕਾ ਅਤੇ ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਨਜ਼ਦੀਕੀ ਇਲਾਕਿਆਂ ਵਿਚ ਹਰ ਰੋਜ਼ ਵਾਹਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ | ਤੰਗ ਸੜਕਾਂ, ਬੇਤਰਤੀਬ ਪਾਰਕਿੰਗ ਅਤੇ ਬਾਜ਼ਾਰਾਂ ਵਿਚ ਲੱਗੀਆਂ ਫੜੀਆਂ ਕਾਰਨ ਆਵਾਜਾਈ ਅਕਸਰ ਠੱਪ ਹੋ ਕੇ ਰਹਿ ਜਾਂਦੀ ਹੈ | ਤੱਥਾਂ ਅਨੁਸਾਰ, ਸ਼ਹਿਰ ਦੇ ਇਨ੍ਹਾਂ ਬਾਜ਼ਾਰਾਂ ਵਿਚ ਸਿਰਫ਼ ਸਥਾਨਕ ਲੋਕ ਹੀ ਨਹੀਂ, ਸਗੋਂ ਦੂਜੇ ਜ਼ਿਲਿ੍ਹਆਂ ਅਤੇ ਦੂਜੇ ਰਾਜਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਖਰੀਦੋ-ਫਰੋਖ਼ਤ ਲਈ ਆਉਂਦੇ ਹਨ | ਵਿਆਹੀ ਮੌਸਮ ਦੌਰਾਨ ਅਦਾਲਤ ਬਜ਼ਾਰ ਵਿਚ ਕੱਪੜਿਆਂ, ਗਹਿਣਿਆਂ ਅਤੇ ਹੋਰ ਸਾਮਾਨ ਦੀ ਖਰੀਦ ਲਈ ਭੀੜ ਕਈ ਗੁਣਾ ਵਧ ਜਾਂਦੀ ਹੈ | ਇਸ ਨਾਲ ਨਿੱਜੀ ਕਾਰਾਂ, ਦੋ-ਪਹੀਆ ਵਾਹਨਾਂ ਅਤੇ ਆਟੋ-ਰਿਕਸ਼ਿਆਂ ਦੀ ਗਿਣਤੀ ਵਿਚ ਵੀ ਅਚਾਨਕ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਲੰਮੇ-ਲੰਮੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ | ਇਸ ਖੇਤਰ ਚ ਵੱਡੀ ਕਾਰ ਪਾਰਕਿੰਗ ਦੀ ਘਾਟ ਵੀ ਆਵਜਾਈ ਦੇ ਜਾਮ 'ਚ ਕਾਰਨ ਬਣਦੀ ਹੈ | ਭਾਂਵੇ ਕਿ ਵੱਖ ਵੱਖ ਸਰਕਾਰਾਂ ਸਮੇ ਸ਼ਹਿਰ 'ਚ ਪਾਰਕਿੰਗਾਂ ਬਣਾਉਣ ਦੇ ਵਆਦੇ ਅਤੇ ਦਆਵੇ ਜਰੂਰ ਕੀੌਤੇ ਜਾਂਦੇ ਹਨ ਪਰ ਇਹ ਹਕੀਕੀ ਰੂਪ ਕਦੇ ਨਹੀ ਧਾਰਦੇ ਜਿਸ ਦਾ ਖਮਿਆਜਾ ਆਮ ਜਨਤਾ ਨੂੰ ਪ੍ਰੇਸ਼ਾਨੀ ਝਲ ਕਿ ਭੁਗਤਣਾ ਪੈਦਾ ਹੈ | ਤਿ੍ਪੜੀ, ਲੀਲਾ ਭਵਨ ਅਤੇ 22 ਨੰਬਰ ਫਾਟਕ ਤੋ ਭੁਪਿੰਦਰਾ ਰੋਡ ਤੇ ਇਨ੍ਹਾਂ ਦਿਨਾਂ 'ਚ ਹਲਾਤ ਹੋਰ ਵੀ ਵਿਗੜ ਜਾਂਦੇ ਹਨ | ਵਾਹਨਾਂ ਦੀਆਂ ਕਤਾਰਾਂ ਕਿਲੋਮੀਟਰਾਂ ਤੱਕ ਫੈਲ ਜਾਂਦੀਆਂ ਹਨ, ਜਿਸ ਨਾਲ ਦਫ਼ਤਰੀ ਕਰਮਚਾਰੀ, ਸਕੂਲੀ ਬੱਚੇ ਅਤੇ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ | ਇਸੇ ਤਰ੍ਹਾਂ ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਨਜ਼ਦੀਕ ਧਾਰਮਿਕ ਸਮਾਗਮਾਂ ਅਤੇ ਆਮ ਦਿਨਾਂ ਵਿਚ ਆਉਣ ਵਾਲੀ ਭਾਰੀ ਸੰਗਤ ਕਾਰਨ ਟ੍ਰੈਫਿਕ ਦਾ ਦਬਾਅ ਲਗਾਤਾਰ ਬਣਿਆ ਰਹਿੰਦਾ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਲਗਾਤਾਰ ਜਾਮ ਕਾਰਨ ਲੋਕ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਹੋ ਰਹੇ ਹਨ | ਦੇਰੀ ਨਾਲ ਪਹੁੰਚਣ, ਸ਼ੋਰ-ਸ਼ਰਾਬੇ ਅਤੇ ਅਸਹੂਲਤਾਂ ਕਾਰਨ ਤਣਾਅ ਵਧ ਰਿਹਾ ਹੈ | ਕਈ ਵਾਰ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨ ਵੀ ਜਾਮ ਵਿਚ ਫਸ ਜਾਂਦੇ ਹਨ, ਜੋ ਚਿੰਤਾ ਦਾ ਵੱਡਾ ਕਾਰਨ ਹੈ | ਭਾਵੇਂ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਵਲੋਂਾ ਕਦੇ-ਕਦੇ ਪ੍ਰਬੰਧ ਕੀਤੇ ਜਾਂਦੇ ਹਨ, ਪਰ ਇਹ ਸਿਰਫ਼ ਅਸਥਾਈ ਸਾਬਤ ਹੁੰਦੇ ਹਨ | ਇਸ ਤਰ੍ਹਾਂ ਫੁਹਾਰਾਂ ਚੌਕ ਅਤੇ ਪਾਸੀ ਰੋਡ ਤੇ ਗੁਰੁ ਦੁਆਰਾ ਸ੍ਰੀ ਦੂਖਨਿਵਾਨ ਸਾਹਿਬ ਦੇ ਨਜੀਦਕ ਕੀਤੇ ਪ੍ਰਾਬੰਧਾਂ ਕਾਰਨ ਸਹਿਰਵਾਸੀਆਂ ਨੂੰ ਕੁਝ ਸੁਖ ਦਾ ਸਾਹ ਜਰੂਰ ਆਇਆ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬਾਜ਼ਾਰਾਂ ਲਈ ਠੋਸ ਟ੍ਰੈਫਿਕ ਯੋਜਨਾ ਬਣਾਈ ਜਾਵੇ, ਬਾਹਰੋਂ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜਦ ਤੱਕ ਅਜਿਹੇ ਪੱਕੇ ਕਦਮ ਨਹੀਂ ਚੁੱਕੇ ਜਾਂਦੇ, ਤਦ ਤੱਕ ਸ਼ਹਿਰ ਦੇ ਬਾਜ਼ਾਰਾਂ ਵਿਚ ਟ੍ਰੈਫਿਕ ਜਾਮ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਰਹੇਗਾ |